
ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ
- by Jasbeer Singh
- June 30, 2025

ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ -ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਬਿਕਰਮ ਮਜੀਠੀਆ ਨੂੰ ਗਿ੍ਰਫ਼ਤਾਰ ਕੀਤਾ : ਗੁਰਤੇਜ ਕੌਲ ਨਾਭਾ, 30 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਸੂਬਾ ਪੱਧਰੀ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿਚ ਪਾਰਟੀ ਅੰਦਰ ਸ਼ਲਾਗਾਯੋਗ ਸੇਵਾਵਾਂ ਨਿਭਾਉਣ ਵਾਲੇ ਯੂਥ ਅਕਾਲੀ ਦਲ ਦੇ ਨਿਧੜਕ ਨੌਜਵਾਨ ਆਗੂ ਸਰਬਜੀਤ ਸਿੰਘ ਝਿੰਜਰ ਨੂੰ ਮੁੜ ਯੂਥ ਅਕਾਲੀ ਦਲ ਦਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਗੁਰਤੇਜ ਸਿੰਘ ਕੌਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਨੌਜਵਾਨ ਆਗੂ ਗੁਰਤੇਜ ਕੌਲ ਨੇ ਕਿਹਾ ਕਿ ਸਰਬਜੀਤ ਸਿੰਘ ਝਿੰਜਰ ਦੀ ਨਿਯੁਕਤੀ ’ਤੇ ਜਿਥੇ ਪੰਜਾਬ ਭਰ ਦੇ ਨੌਜਵਾਨਾਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਵਿਦੇਸ਼ਾਂ ਵਿਚ ਬੈਠੇ ਨੌਜਵਾਨਾਂ ਵਿਚ ਵੀ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਗੁਰਤੇਜ ਕੌਲ ਨੇ ਕਿਹਾ ਕਿ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ‘ਆਪ’ ਸਰਕਾਰ ਦੀਆਂ ਮਾੜੀਆਂ ਕਰਤੂਤਾਂ ਦਾ ਲੰਘੇ ਸਮੇਂ ਅੰਦਰ ਬੜੀ ਬੇਬਾਕੀ ਨਾਲ ਪਰਦਾਫਾਸ਼ ਕਰਦੇ ਆ ਰਹੇ ਹਨ ਜੋ ਸਰਕਾਰ ਦੇ ਗਲੇ ਦੀ ਹੱਡੀ ਬਣੇ ਹੋਏ ਹਨ, ਜਿਸ ਨੂੰ ਲੈ ਕੇ ਬੁਖਲਾਹਟ ਵਿਚ ਆਈ ਆਪ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਬੀਤੇ ਦਿਨੀਂ ਗਿ੍ਰਫ਼ਤਾਰ ਕਰਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮਜੀਠੀਆ ‘ਆਪ’ ਸਰਕਾਰ ਦੀਆਂ ਇਹੋ ਜਿਹੀਆਂ ਕੋਜੀਆਂ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਨ ਸਗੋਂ ਚੜ੍ਹਦੀਕਲਾ ਵਿਚ ਰਹਿਣ ਵਾਲੇ ਜੁਝਾਰੂ ਤੇ ਗੁਰੂ ਦੇ ਭਾਣੇ ਵਿਚ ਰਹਿਣ ਵਾਲੇ ਨੇਤਾ ਹਨ। ਗੁਰਤੇਜ ਕੌਰ ਨੇ ਕਿਹਾ ਕਿ ਸਰਕਾਰ ਅਕਾਲੀ ਲੀਡਰਾਂ ’ਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਡਰਾ ਧਮਕਾ ਨਹੀਂ ਸਕਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੂਨ ਪਸੀਨੇ ਨਾਲ ਸਿੰਝੀ ਹੋਈ ਪਾਰਟੀ ਹੈ, ਉਹ ਸਰਕਾਰ ਦੀਆਂ ਇਨਾਂ ਹਰਕਤਾਂ ਕਰਕੇ ਦਬਣ ਵਾਲੀ ਨਹੀਂ। ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਗੁਰਦਿਆਲਇੰਦਰ ਸਿੰਘ ਬਿੱਲੂ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਗੁਰਚਰਨ ਸਿੰਘ ਘਮਰੌਦਾ ਨੇ ਸਰਬਜੀਤ ਸਿੰਘ ਝਿੰਜਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਮਜੀਠੀਆ ’ਤੇ ’ਆਪ’ ਸਰਕਾਰ ਵੱਲੋਂ ਕੀਤੀ ਗਈ ਬਦਲਾਖੋਰੀ ਦੀ ਕਾਰਵਾਈ ਦੀ ਨਿੰਦਾ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.