
ਭਾਜਪਾ ਦੀ ਚੜ੍ਹਤ ਦੇਖ ਕੇ ਵਿਰੋਧੀ ਪਾਰਟੀਆਂ ਗੁੰਮਰਾਹਕੁੰਨ ਪ੍ਰਚਾਰ ’ਤੇ ਹੋਈਆਂ ਉਤਾਰੂ : ਪ੍ਰਨੀਤ ਕੌਰ
- by Jasbeer Singh
- May 4, 2024

ਪਟਿਆਲਾ, 4 ਮਈ (ਜਸਬੀਰ)-ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਭਾਜਪਾ ਦੀ ਚੜ੍ਹਤਾ ਦੇਖ ਕੇ ਵਿਰੋਧੀ ਪਾਰਟੀਆਂ ਗੁੰਮਰਾਹਕੁੰਨ ਪ੍ਰਚਾਰ ’ਤੇ ਉਤਾਰੂ ਹੋ ਗਈਆਂ ਹਨ ਕਿਉਕਿ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਅਤੇ ਸ਼ਹਿਰਾਂ ਤੋਂ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਪੰਜਾਬ ਤੋਂ ਬਾਹਰ ਮਿਲ ਕੇ ਚੋਣਾਂ ਲੜ ਰਹੀਆਂ ਹਨ ਅਤੇ ਪੰਜਾਬ ਵਿਚ ਉਹ ਅਲੱਗ ਅਲੱਗ ਹੋਣ ਦਾ ਡਰਾਮਾ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਸਾਰਾ ਕੁੱਝ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਭਾਜਪਾ ’ਤੇ ਝੂਠੇ ਦੋਸ਼ ਲਾ ਰਿਹਾ ਹੈ ਜਦੋਂ ਕਿ ਬੱਚਾ ਬੱਚਾ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ ਦੇਸ਼ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ। ਦੇਸ਼ ਦੇ ਹਰ ਰਾਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੈ। ਪੂਰੀ ਦੁਨੀਆ ਅੱਜ ਭਾਰਤ ਦਾ ਲੋਹਾ ਮੰਨ ਰਹੀ ਹੈ, ਜਿਸ ਕਾਰਨ ਦੇਸ਼ ਦੇ ਲੋਕ ਕਿਸੇ ਹੋਰ ਪਾਰਟੀ ਨੂੰ ਮੂੰਹ ਨਹੀਂ ਲਾ ਰਹੇ। ਭਾਜਪਾ ਦੀ ਇਸ ਚੜ੍ਹਤ ਤੋਂ ਘਬਰਾਈਆਂ ਵਿਰੋਧੀ ਪਾਰਟੀਆਂ ਹੁਣ ਗੁੰਮਰਾਹਕੁੰਨ ਪ੍ਰਚਾਰ ’ਤੇ ਉਤਾਰੂ ਹੋ ਗਈਆਂ ਹਨ ਪਰ ਉਨ੍ਹਾਂ ਨੂੰ ਇਸ ਵਿਚ ਵੀ ਸਫਲਤਾ ਪ੍ਰਾਪਤ ਨਹੀਂ ਹੋਵੇਗੀ।