
ਛੋਟੀ ਨਦੀ ਦੇ ਕਿਨਾਰੇ 30 ਤੋ ਜਿਆਦਾ ਕਾਲੋਨੀਆਂ ਦੀ ਸੀਵਰ ਲਾਈਨ 6 ਮਹੀਨਿਆਂ ਤੋਂ ਬੰਦ ਰਹਿਣ ਦਾ ਮਾਮਲਾ
- by Jasbeer Singh
- January 28, 2025

ਛੋਟੀ ਨਦੀ ਦੇ ਕਿਨਾਰੇ 30 ਤੋ ਜਿਆਦਾ ਕਾਲੋਨੀਆਂ ਦੀ ਸੀਵਰ ਲਾਈਨ 6 ਮਹੀਨਿਆਂ ਤੋਂ ਬੰਦ ਰਹਿਣ ਦਾ ਮਾਮਲਾ - ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਨਗਰ ਨਿਗਮ, ਸੀਵਰੇਜ ਬੋਰਡ ਅਤੇ ਡਰੇਨੇਜ ਵਿਭਾਗ ਦੇ ਐਸ. ਡੀ. ਓ. ਮੌਕੇ ਤੇ ਤਲਬ ਕੀਤੇ, ਲਗਾਈ ਕਲਾਸ - ਤਿੰਨੋ ਮਹਿਕਮਿਆਂ ਦੇ ਅਫਸਰਾਂ ਨੇ ਜਦੋਂ ਸੀਵਰ ਲਾਈਨ ਖੋਲਣ ਦੀ ਜਿੰਮੇਦਾਰੀ ਇੱਕ ਦੂਜੇ ਉੱਤੇ ਪਾਈ ਤਾਂ ਭੜਖੇ ਸੀਨੀਅਰ ਡਿਪਟੀ ਮੇਅਰ - ਮੌਕੇ ਤੇ ਕਮਿਸ਼ਨਰ ਨੂੰ ਫੋਨ ਕਰ ਲੋਕਾਂ ਦੀ ਸਮੱਸਿਆ ਹੱਲ ਕਰਨ ਨੂੰ ਕਿਹਾ ਪਟਿਆਲਾ : ਛੋਟੀ ਨਦੀ ਦੇ ਕਿਨਾਰੇ ਪਾਈ ਸੀਵਰ ਲਾਈਨ ਪਿਛਲੇ ਛੇ ਮਹੀਨਿਆਂ ਤੋਂ ਬੰਦ ਰਹਿਣ ਦਾ ਮਾਮਲਾ ਅੱਜ ਗਰਮਾ ਗਿਆ । ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸੋਮਵਾਰ ਨੂੰ ਇਸ ਮਾਮਲੇ ਵਿੱਚ ਨਗਰ ਨਿਗਮ ਸੀਵਰੇਜ ਬਰਾਂਚ ਦੇ ਐਸ. ਡੀ. ਓ. ਮਨੀਸ਼ ਕੈਂਥ, ਸੀਵਰੇਜ ਬੋਰਡ ਵਿਭਾਗ ਦੇ ਐਸ. ਡੀ. ਓ. ਸੰਜੇ ਜਿੰਦਲ ਅਤੇ ਡਰੇਨੇਜ ਵਿਭਾਗ ਦੇ ਜੇਈ ਜਸਵਿੰਦਰ ਸਿੰਘ ਨੂੰ ਮੌਕੇ ਤੇ ਤਲਬ ਕਰ ਲਿਆ । ਮਾਮਲਾ ਉਸ ਸਮੇਂ ਹੋਰ ਉਲਝ ਗਿਆ ਜਦੋਂ ਤਿੰਨੋਂ ਮਹਿਕਮਿਆਂ ਨੇ ਸੀਵਰ ਲਾਈਨ ਖੋਲਣ ਦੀ ਜਿੰਮੇਦਾਰੀ ਇੱਕ ਦੂਜੇ ਵਿਭਾਗ ਉੱਤੇ ਪਾ ਦਿੱਤੀ । ਨਗਰ ਨਿਗਮ ਦੇ ਐਸ. ਡੀ. ਓ. ਦਾ ਕਹਿਣਾ ਹੈ ਕਿ ਇਹ ਕੰਮ ਸੀਵਰੇਜ ਬੋਰਡ ਤੇ ਡ੍ਰੇਨੇਜ ਵਿਭਾਗ ਨੇ ਕੀਤਾ । ਸੀਵਰੇਜ ਬੋਰਡ ਦਾ ਕਹਿਣਾ ਹੈ ਕਿ ਉਨਾਂ ਦਾ ਕੰਮ ਸੀਵਰ ਲਾਈਨ ਪਾਉਣਾ ਸੀ, ਬਾਅਦ ਵਿੱਚ ਇਸ ਦੀ ਮੈਨਟੀਨੈਂਸ ਦਾ ਕੰਮ ਉਹਨਾਂ ਦਾ ਨਹੀਂ ਹੈ । ਡ੍ਰੇਨੇਜ ਵਿਭਾਗ ਦੇ ਅਫਸਰਾਂ ਨੇ ਵੀ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਬਰਸਾਤੀ ਪਾਣੀ ਦੀ ਪਾਈਪ ਲਾਈਨ ਤੱਕ ਹੈ, ਸੀਵਰ ਲਾਈਨ ਨੂੰ ਖੋਲਣਾ ਉਨਾਂ ਦੀ ਮਹਿਕਮੇ ਦੀ ਜਿੰਮੇਵਾਰੀ ਨਹੀਂ ਹੈ । ਇਸ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਬਿਲਕੁਲ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਨਿਗਮ ਕਮਿਸ਼ਨਰ ਨੂੰ ਫੋਨ ਲਾ ਲਿਆ । ਕੋਹਲੀ ਨੇ ਕਿਹਾ ਕਿ ਉਹ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸੀਵਰ ਲਾਈਨ ਨੂੰ ਖੋਲਣ ਦੀ ਜਿੰਮੇਦਾਰੀ ਤਹਿ ਕਰਵਾਉਣਗੇ । ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਛੋਟੀ ਨਦੀ ਦੇ ਕਿਨਾਰੇ ਬਹੁਤ ਛੋਟੀ ਪਾਈਪ ਲਾਈਨ ਪਾਈ ਹੋਈ ਹੈ, ਉਹਨਾਂ ਉਸ ਸਮੇਂ ਵੀ ਇਸ ਦਾ ਵਿਰੋਧ ਕੀਤਾ ਸੀ, ਹੁਣ ਜਦੋਂ ਇਹ ਪਾਈਪ ਲਾਈਨ ਬੰਦ ਹੋ ਗਈ ਹੈ ਤਾਂ 30 ਤੋਂ ਜ਼ਿਆਦਾ ਕਲੋਨੀਆਂ ਦਾ ਸੀਵਰ ਓਵਰ ਫਲੋ ਹੋ ਚੁੱਕਿਆ ਹੈ । ਸੀਵਰੇਜ ਦਾ ਪਾਣੀ ਲੋਕਾਂ ਦੇ ਘਰ ਵੜ ਰਿਹਾ ਹੈ, ਉਹ ਲੋਕਾਂ ਨੂੰ ਇਸ ਤਰ੍ਹਾਂ ਨਰਕ ਵਿੱਚ ਰਹਿਣ ਨਹੀਂ ਦੇ ਸਕਦੇ, ਇਸ ਲਈ ਉਹ ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਲੈ ਕੇ ਜਾਣਗੇ । ਇਸ ਮੌਕੇ ਪੁਰਾਣਾ ਬਿਸ਼ਨ ਨਗਰ ਵੈਲਫੇਅਰ ਸੋਸਾਇਟੀ, ਨਵਾਂ ਬਿਸ਼ਨ ਨਗਰ ਵੈਲਫੇਅਰ ਸੋਸਾਇਟੀ, ਮੁਸਲਿਮ ਕਲੋਨੀ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰ ਵੀ ਮੌਜੂਦ ਰਹੇ । ਹਰਿੰਦਰ ਕੋਹਲੀ ਨੇ ਲੋਕਾਂ ਨੂੰ ਭਰੋਸਾ ਦਿਲਾਇਆ ਕਿ ਉਹ ਇਸ ਕੰਮ ਨੂੰ ਹੱਲ ਕਰਵਾ ਕੇ ਹੀ ਰਹਿਣਗੇ ।