
ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਡਾ. ਜੱਗੀ ਦੇ ਸਦੀਵੀ ਵਿਛੋੜੇ ’ਤੇ ਕੀਤਾ ਦੁੱਖ ਸਾਂਝਾ
- by Jasbeer Singh
- May 24, 2025

ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਡਾ. ਜੱਗੀ ਦੇ ਸਦੀਵੀ ਵਿਛੋੜੇ ’ਤੇ ਕੀਤਾ ਦੁੱਖ ਸਾਂਝਾ ਉੱਚ ਕੋਟੀ ਦੇ ਵਿਦਵਾਨ ਡਾ. ਜੱਗੀ ਦੇ ਮਹਾਨ ਕਾਰਜਾਂ ਨੂੰ ਕਦੇ ਅਣਡਿੱਠ ਨਹੀਂ ਕੀਤਾ ਜਾ ਸਕਦਾ : ਸਕੱਤਰ ਪ੍ਰਤਾਪ ਸਿੰਘ ਪਟਿਆਲਾ 24 ਮਈ : ਪੰਜਾਬੀ ਤੇ ਹਿੰਦੀ ਸਾਹਿਤ ਦੇ ਖੇਤਰ ਵਿਚ ਵਡਮੁੱਲੇ ਕਾਰਜ ਕਰਨ ਵਾਲੇ ਡਾ. ਰਤਨ ਸਿੰਘ ਜੱਗੀ ਵੱਲੋਂ ਪਾਏ ਯੋਗਦਾਨ ਨੂੰ ਕਦੇ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਡਾ. ਰਤਨ ਸਿੰਘ ਜੱਗੀ ਦੇ ਸਦੀਵੀ ਵਿਛੋੜਾ ਦੇਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਆਦੇਸ਼ਾਂ ’ਤੇ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਟਿਆਲਾ ਪੁੱਜੇ ਸਨ। ਇਸ ਦੌਰਾਨ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਜਗਤ ਅਤੇ ਸਾਹਿਤ ਦੇ ਖੇਤਰ ਵਿਚ ਡਾ. ਜੱਗੀ ਨੇ ਹਮੇਸ਼ਾ ਅਨਮੋਲ ਖ਼ਜ਼ਾਨਾ ਇਕੱਠਾ ਕਰਨ ਦਾ ਕੰਮ ਕੀਤਾ, ਜੋ ਸਾਡੀ ਅਜੋਕੀ ਪੀੜੀ ਲਈ ਸਰਮਾਏ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਜੱਗੀ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਡਾ. ਜੱਗੀ ਵਰਗੇ ਮਹਾਨ ਵਿਦਵਾਨਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਸਕੱਤਰ ਪ੍ਰਤਾਪ ਸਿੰਘ ਦੇ ਨਾਲ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਭਾਗ ਸਿੰਘ, ਮੈਨੇਜਰ ਸੁਰਜੀਤ ਸਿੰਘ ਆਦਿ ਉਚੇਚੇ ਤੇ ਮੌਜੂਦ ਸਨ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜਿੱਥੇ ਮਹਾਨ ਕਾਰਜਾਂ ਕਰਕੇ ਡਾ. ਜੱਗੀ ਨੂੰ ਪੰਜਾਬ ਸਰਕਾਰ ਤੋਂ ਇਲਾਵਾ ਭਾਰਤ ਸਰਕਾਰ ਨੇ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ, ਉੱਥੇ ਹੀ ਡਾ ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ।ਉਨ੍ਹਾਂ ਉਨ੍ਹਾਂ “ਸਿੱਖ ਪੰਥ ਵਿਸ਼ਵਕੋਸ਼" ਤੇ “ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ" ਸਿਰਲੇਖ ਵਾਲੀ ਰਚਨਾ ਤਿਆਰ ਕੀਤੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜ ਜਿਲਦਾਂ ਵਿੱਚ ਉਪ-ਟੀਕਾ ਸ਼ਾਮਲ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ, ਜੋ ਆਪਣੇ ਆਪ ਵਿਚ ਅਜਿਹੇ ਮਹਾਨ ਕਾਰਜ ਹਨ, ਜੋ ਦੇ ਵੀ ਅਣਡਿੱਠ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਅਰਦਾਸ ਕੀਤੀ ਕਿ ਪ੍ਰਮਾਤਮਾ ਡਾ.ਜੱਗੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰੇ। ਉਨ੍ਹਾਂ ਦਾ ਵਿਛੋੜਾ ਅਸਹਿ ਤੇ ਅਕਹਿ ਹੈ।