July 6, 2024 01:49:15
post

Jasbeer Singh

(Chief Editor)

Patiala News

ਘੱਗਰ ਤੇ ਹੜ੍ਹਾਂ ਦਾ ਮਸਲਾ ਹੱਲ ਕਰਨਾ ਤਰਜੀਹ ਹੋਵੇਗੀ: ਸ਼ਰਮਾ

post-img

ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐੱਨਕੇ ਸ਼ਰਮਾ ਨੇ ਕਿਹਾ ਕਿ ਜੇ ਲੋਕਾਂ ਨੇ ਉਨ੍ਹਾਂ ਦੀ ਝੋਲੀ ਪਟਿਆਲਾ ਹਲਕੇ ਦੀ ਸੀਟ ਪਾਈ ਤਾਂ ਜ਼ਿਲ੍ਹੇ ਵਿੱਚ ਘੱਗਰ ਦੀ ਮਾਰ ਤੇ ਹੜ੍ਹਾਂ ਦੀ ਰੋਕਥਾਮ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇੱਥੇ ਕਰਹਾਲੀ ਸਾਹਿਬ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਹੋਈ ਇਕੱਤਰਤਾ ਦੌਰਾਨ ਸ੍ਰੀ ਸ਼ਰਮਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਹਲਕੇ ਨੂੰ ਸਭ ਤੋਂ ਵੱਡੀ ਮਾਰ ਹੜ੍ਹਾਂ ਦੀ ਪੈਂਦੀ ਹੈ ਤੇ ਘੱਗਰ ਇੱਥੇ ਹਰ ਸਾਲ ਤਬਾਹੀ ਮਚਾਉਂਦਾ ਹੈ। ਇਸ ਦੀ ਰੋਕਥਾਮ ਵਾਸਤੇ ਡੈਮ ਬਣਾਉਣਾ ਅਤੇ ਘੱਗਰ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਕਿਰਦਾਰ ਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਲੜੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਗੁਰਧਿਆਨ ਸਿੰਘ ਭਾਨਰੀ, ਪਵਿੱਤਰ ਸਿੰਘ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਮਾਨ ਆਦਿ ਹਾਜ਼ਰ ਸਨ। ਪਤਨੀ ਵੱਲੋਂ ਸ਼ਰਮਾ ਦੇ ਹੱਕ ਵਿੱਚ ਮੀਟਿੰਗਾਂ ਪਟਿਆਲਾ (ਖੇਤਰੀ ਪ੍ਰ੍ਰਤੀਨਿਧ): ਪਟਿਆਲਾ ਹਲਕੇ ਤੋਂ ਅਕਾਲੀ ਉਮੀਦਵਾਰ ਐਨਕੇ ਸ਼ਰਮਾ ਦੀ ਪਤਨੀ ਬਬੀਤਾ ਸ਼ਰਮਾ ਨੇ ਅੱਜ ਆਪਣੇ ਪਤੀ ਦੇ ਹੱਕ ਵਿੱਚ ਸ਼ਹਿਰ ਵਿੱਚ ਕਈ ਥਾਈਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸ਼ਸ਼ਕਤੀਕਰਨ ਅਕਾਲੀ ਦਲ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਹੈ। ਪਹਿਲਾਂ ਵੀ ਅਕਾਲੀ ਸਰਕਾਰ ਵੇਲੇ ਸ਼ਗਨ ਸਕੀਮ, ਬੁਢੇਪਾ ਪੈਨਸ਼ਨ ਸਕੀਮ, ਆਟਾ ਦਾਲ ਸਕੀਮ ਤੇ ਲੜਕੀਆਂ ਲਈ ਮੁਫਤ ਸਾਈਕਲ ਯੋਜਨਾ ਆਦਿ ਨਾਲ ਲੜਕੀਆਂ ਤੇ ਔਰਤਾਂ ਨੂੰ ਸ਼ਸ਼ਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਸਰਕਾਰ ਨੇ ਤਾਂ ਔਰਤਾਂ ਨਾਲ ਧੋਖਾ ਹੀ ਕੀਤਾ ਹੈ। ਕਾਂਗਰਸ ਅਤੇ ‘ਆਪ’ ਨਸ਼ਿਆਂ ਦਾ ਖਾਤਮਾ ਕਰਨ ’ਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਔਰਤਾਂ ਨਾਲ ਚੋਣਾਂ ਮੌਕੇ ਕੀਤਾ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ।

Related Post