post

Jasbeer Singh

(Chief Editor)

Patiala News

ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ 'ਚੋ ਠੀਕ ਹੋ ਕੇ ਗਏ ਵਿਅਕਤੀਆਂ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ : ਬਲਤੇਜ ਪੰਨੂ

post-img

ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ 'ਚੋ ਠੀਕ ਹੋ ਕੇ ਗਏ ਵਿਅਕਤੀਆਂ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ : ਬਲਤੇਜ ਪੰਨੂ -ਕਿਹਾ, ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਰਕਾਰ ਨੇ ਕੀਤੀ ਮਾਈਕਰੋ ਪਲਾਨਿੰਗ -ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨੂੰ ਜਿੱਤਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ : ਬਲਤੇਜ ਪੰਨੂ -ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਤੇ ਐਸ.ਐਸ.ਪੀ. ਵੱਲੋਂ ਮਾਡਲ ਨਸ਼ਾ ਮੁਕਤੀ ਕੇਂਦਰ ਦਾ ਦੌਰਾ -ਮਾਡਲ ਨਸ਼ਾ ਮੁਕਤੀ ਕੇਂਦਰ ਦੇ ਡਾਕਟਰਾਂ ਤੇ ਮਰੀਜ਼ਾਂ ਤੋਂ ਹੋਰ ਬਿਹਤਰ ਕਰਨ ਲਈ ਪ੍ਰਾਪਤ ਕੀਤੀ ਫੀਡ ਬੈਕ -ਨਸ਼ਿਆਂ ਵਿਰੁੱਧ ਲੜਾਈ ਸੂਬੇ ਦੇ ਹਰ ਪਿੰਡ ਨੂੰ ਨਸ਼ਾ ਮੁਕਤ ਕਰਨ ਤੱਕ ਜਾਰੀ ਰਹੇਗੀ : ਬਲਤੇਜ ਪੰਨੂ ਪਟਿਆਲਾ, 21 ਜੂਨ : ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਵਰੁਣ ਸ਼ਰਮਾ, ਯੁੱਧ ਨਸ਼ਿਆਂ ਵਿਰੁੱਧ ਮੋਰਚੇ ਦੇ ਮਾਲਵਾ ਪੂਰਬੀ ਜ਼ੋਨ ਦੇ ਕੁਆਰਡੀਨੇਟਰ ਜਗਦੀਪ ਸਿੰਘ ਜੱਗਾ ਤੇ ਏ.ਡੀ.ਸੀ. ਇਸ਼ਾ ਸਿੰਗਲ ਵੀ ਮੌਜੂਦ ਰਹੇ । ਦੌਰੇ ਦੌਰਾਨ ਬਲਤੇਜ ਪੰਨੂ ਨੇ ਮਾਡਲ ਨਸ਼ਾ ਮੁਕਤੀ ਕੇਂਦਰ ਦੇ ਡਾਕਟਰਾਂ ਪਾਸੋਂ ਫੀਡ ਬੈਕ ਪ੍ਰਾਪਤ ਕੀਤੀ ਤੇ ਨਸ਼ਾ ਛੱਡਣ ਵਾਲਿਆਂ ਲਈ ਇਲਾਜ ਤੋਂ ਬਾਅਦ ਹੋਰ ਬਿਹਤਰ ਮੁੜ ਵਸੇਬੇ ਲਈ ਕੀਤੇ ਜਾਣ ਵਾਲੇ ਉਪਰਾਲਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਕੇਂਦਰ ਵਿੱਚ ਦਾਖਲ ਮਰੀਜ਼ਾਂ ਨਾਲ ਵੀ ਲੰਮੀ ਗੱਲਬਾਤ ਕਰਕੇ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਤੇ ਸਵੈ ਰੋਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਵਿੱਚੋਂ ਠੀਕ ਹੋ ਕਿ ਗਏ ਵਿਅਕਤੀਆਂ ਨਾਲ ਰਾਬਤਾ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣਗੇ । ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ 'ਚੋਂ ਠੀਕ ਹੋ ਕੇ ਗਏ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਦੁਬਾਰਾ ਨਸ਼ਿਆਂ ਦੀ ਦਲਦਲ ਵਿੱਚ ਨਾ ਫਸਣ ਅਤੇ ਦੂਸਰਿਆਂ ਲਈ ਰੋਲ ਮਾਡਲ ਬਣਨ। ਉਨ੍ਹਾਂ ਕਿਹਾ ਕਿ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਰਕਾਰ ਵੱਲੋਂ ਮਾਈਕਰੋ ਪਲਾਨਿੰਗ ਕੀਤੀ ਗਈ ਹੈ, ਜਿਸ ਤਹਿਤ ਇਲਾਜ ਦੌਰਾਨ ਹੀ ਉਨ੍ਹਾਂ ਵਿਅਕਤੀਆਂ ਨੂੰ ਆਈ.ਟੀ.ਆਈ ਦੇ ਇੰਸਟਰਕਟਰਾਂ ਵੱਲੋਂ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦੇ ਕੇ ਆਤਮ ਨਿਰਭਰ ਬਣਾਇਆ ਜਾਂਦਾ ਹੈ। ਉਨ੍ਹਾਂ ਸੂਬੇ 'ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਬਹੁਪੜਾਵੀ ਮੁਹਿੰਮ ਨੂੰ ਪੁਲਿਸ, ਮੈਡੀਕਲ ਸਿੱਖਿਆ ਤੇ ਸਿਹਤ ਵਿਭਾਗਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਫਲ ਬਣਾਉਣ ਲਈ ਬਹੁਮੰਤਵੀ ਕਾਰਜ ਯੋਜਨਾ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੜਾਅ ਦਰ ਪੜਾਅ ਸੂਬੇ ਵਿਚੋਂ ਨਸ਼ਿਆਂ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਦ੍ਰਿੜ ਇਰਾਦੇ ਨਾਲ ਕੰਮ ਕਰ ਰਹੀ ਪੰਜਾਬ ਸਰਕਾਰ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਜ਼ਰੂਰ ਕੱਢ ਲਵੇਗੀ ਤੇ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਸੂਬੇ ਦਾ ਹਰੇਕ ਪਿੰਡ ਨਸ਼ਾ ਮੁਕਤ ਨਹੀਂ ਹੋ ਜਾਂਦਾ । ਇਸ ਮੌਕੇ ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਕੁਮਾਰ, ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੁਆਰਡੀਨੇਟਰ ਯਾਦਵਿੰਦਰ ਗੋਲਡੀ, ਦਵਿੰਦਰ ਸਿੰਘ ਮਿੱਕੀ ਤੇ ਗੁਰਵਿੰਦਰ ਹੈਪੀ ਵੀ ਮੌਜੂਦ ਸਨ ।

Related Post