post

Jasbeer Singh

(Chief Editor)

Patiala News

ਐਮ.ਐਮ ਮੋਦੀ ਕਾਲਜ, ਪਟਿਆਲਾ ਵਿਖੇ 'ਮਨੁੱਖੀ ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਅਤੇ ਪੁਸਤਕ

post-img

ਐਮ.ਐਮ ਮੋਦੀ ਕਾਲਜ, ਪਟਿਆਲਾ ਵਿਖੇ 'ਮਨੁੱਖੀ ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਅਤੇ ਪੁਸਤਕ ਪ੍ਰਦਰਸ਼ਨੀ ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਅਤੇ ਲਿਖਣ ਨਾਲ ਜੋੜੀ ਰੱਖਣ ਲਈ ਮੋਦੀ ਜਯੰਤੀ ਦੇ ਹਫ਼ਤੇ ਭਰ ਚੱਲਣ ਵਾਲੇ ਸਮਾਗਮਾਂ ਦੇ ਹਿੱਸੇ ਵਜੋਂ ਅੱਜ 'ਮਨੁੱਖੀ ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਭਵਿੱਖ ਵਿੱਚ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਕਿਤਾਬਾਂ ਦੀ ਅਹਿਮੀਅਤ ਤੇ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਮੌਕੇ ‘ਤੇ ਵਿਦਿਆਰਥੀਆਂ ਵਿੱਚ ਪੜਣ ਦੀ ਰੁਚੀ ਵਿਕਿਸਤ ਕਰਨ ਦੇ ਉਦੇਸ਼ ਨਾਲ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੀ ਸਾਹਿਤ ਸਭਾ 'ਪੰਜਾਬੀ ਸਾਹਿਤ ਸਭਾ' ਅਤੇ ਮੋਦੀ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ ਸਾਹਿਤ ਸਭਾ 'ਆਰਕੇਡੀਆ' ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਦੇ ਸਹਿਯੋਗ ਨਾਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸੇ ਸੰਦਰਭ ਵਿੱਚ ਕਾਲਜ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਲੇਖ–ਰਚਨਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ‘ਤੇ ਮੁੱਖ ਵਕਤਾ ਵੱਜੋਂ ਪੰਜਾਬੀ ਦੇ ਉੱਘੇ ਕਹਾਣੀਕਾਰ ਅਤੇ ਚਿੰਤਕ ਸ. ਬਲਵਿੰਦਰ ਸਿੰਘ ਗਰੇਵਾਲ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ.ਨੀਰਜ ਗੋਇਲ ਅਤੇ ਸ. ਬਲਵਿੰਦਰ ਸਿੰਘ ਗਰੇਵਾਲ ਨੇ ਲੈਕਚਰ ਤੋਂ ਪਹਿਲਾਂ ਪੁਸਤਕ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਵੀ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਵਲੋਂ ਮੁੱਖ ਮਹਿਮਾਨ ਦਾ ਸੁਆਗਤ ਨਿੱਘੇ ਸ਼ਬਦਾਂ ਨਾਲ ਕੀਤਾ ਗਿਆ। ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਸੀਂ ਉਸ ਧਰਤੀ ਦੇ ਜੰਮਪਲ ਹਾਂ ਜਿੱਥੋਂ ਦੁਨੀਆ ਸੇਧ ਲੈਂਦੀ ਸੀ ਅਤੇ ਜਦੋਂ ਸਾਰੀਆਂ ਸਭਿਆਤਾਵਾਂ ਹਾਲੇ ਵਿਕਸਿਤ ਹੋ ਰਹੀਆਂ ਸਨ ਓਦੋਂ ਇਥੇ ਮਹਾਨ ਸਾਹਿਤ ਰਚਿਆ ਜਾ ਰਿਹਾ ਸੀ। ਉਨ੍ਹਾਂ ਮੋਬਾਈਲ ਦੀ ਥਾਂ ਕਿਤਾਬਾਂ ਨੂੰ ਪਹਿਲ ਦੇਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੜਾਈ ਨਾਲ ਬੰਦੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸਗੋਂ ਮਨੁੱਖ ਦੇ ਮੌਲਿਕ ਸਭਿਆਚਾਰਕ ਵਿਚਾਰਾਂ ਨੂੰ ਮਾਰ ਕੇ ਮਨੁੱਖ ਨੂੰ ਖਤਮ ਕੀਤਾ ਜਾਂਦਾ ਹੈ।ਪੰਜਾਬੀ ਵਿਭਾਗ ਤੋਂ ਡਾ. ਵੀਰਪਾਲ ਕੌਰ ਵੱਲੋਂ ਮੁੱਖ ਮਹਿਮਾਨ ਦੀ ਰਸਮੀ ਜਾਣ ਪਛਾਣ ਕਰਵਾਈ ਗਈ। ਮੁੱਖ ਵਕਤਾ ਬਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਨਵੀਂ ਪੀੜੀ ਆਪਣੇ ਜੀਵਨ ਦੀ ਸ਼ੁਰੂਆਤ ਉਥੋਂ ਕਰੇਗੀ ਜਿੱਥੋਂ ਤੱਕ ਅਸੀਂ ਜ਼ਿੰਦਗੀ ਨੂੰ ਲੈ ਆਏ ਹਾਂ। ਉਹਨਾਂ ਕਿਤਾਬਾਂ ਅਤੇ ਕਿਤਾਬ ਪ੍ਰਦਰਸ਼ਨੀ ਦੇ ਹਵਾਲੇ ਨਾਲ ਵਿਦਿਆਰਥੀਆਂ ਨਾਲ ਆਪਣੇ ਜੀਵਨ ਤਜਰਬੇ ਸਾਂਝੇ ਕੀਤੇ। ਉਨ੍ਹਾਂ ਪਿੰਡਾਂ ਵਿੱਚ ਬਾਤਾਂ ਰਾਹੀਂ ਕਿਤਾਬ ਸਭਿਆਚਾਰ ਦੇ ਪ੍ਰਫੁੱਲਤ ਹੋਣ ਦੀ ਗੱਲ ਦੱਸੀ ਅਤੇ ਇਸੇ ਵਿੱਚੋਂ ਹੀ ਉਹਨਾਂ ਆਪਣੇ ਕਹਾਣੀ ਲਿਖਣ ਦੇ ਸਫਰ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਉਹਨਾਂ ਨੇ ਮੋਬਾਈਲ ਅਤੇ ਵੱਧ ਰਹੀ ਤਕਨਾਲੋਜੀ ਦੀ ਦਖਲ-ਅੰਦਾਜ਼ੀ ਨਾਲ ਮਨੁੱਖੀ ਆਤਮ-ਵਿਸ਼ਵਾਸ ਦੇ ਘਟਣ ਦਾ ਖਦਸ਼ਾ ਪਰਗਟ ਕੀਤਾ ਅਤੇ ਦੱਸਿਆ ਕਿ ਮਨੁੱਖੀ ਰਿਸ਼ਤਿਆਂ ਨੂੰ ਮੋਬਾਈਲ ਤੋੜ ਰਿਹਾ ਹੈ ਅਤੇ ਬੱਚਿਆਂ ਵਿੱਚੋਂ ਮਨੁੱਖਤਾ ਮਨਫੀ ਹੋ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਾਹਿਤ ਤੁਹਾਡਾ ਮਨੋਰੰਜਨ ਕਰਦਾ ਹੈ ਅਤੇ ਜ਼ਿੰਦਗੀ ਵਿੱਚੋਂ ਘਟਨਾਵਾਂ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਤੁਹਾਨੂੰ ਨਵੀਂ ਜ਼ਿੰਦਗੀ ਵਿੱਚ ਪ੍ਰਵੇਸ਼ ਕਰਵਾ ਦਿੰਦਾ ਹੈ; ਫਿਰ ਉਹ ਤੁਹਾਡਾ ਗਿਆਨ ਬਣਦਾ ਹੈ ਅਤੇ ਇਸੇ ਗਿਆਨ ਉੱਤੇ ਸਿਆਣਪ ਉਸਰਦੀ ਹੈ ਜੋ ਕਿ ਤੁਹਾਡੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ। ਉਹਨਾਂ ਕਿਹਾ ਕਿ ਪੜੀਆਂ ਸੌ ਕਿਤਾਬਾਂ ਸੌ ਜ਼ਿੰਦਗੀਆਂ ਜਿਉਣ ਵਾਂਗ ਹੁੰਦੀਆਂ ਹਨ। ਕਿਤਾਬਾਂ ਤੋਂ ਬਗੈਰ ਦੀ ਜ਼ਿੰਦਗੀ ਨੇ ਸਾਡੀ ਖੁਸ਼ੀ ਗਮੀ ਦੇ ਅਨੁਭਵ ਖੋਹ ਲਏ ਹਨ, ਸਾਡੀ ਬੰਦਿਆਈ ਗੁਆਚ ਰਹੀ ਹੈ। ਰੀਲਾਂ ਅਤੇ ਵੀਡੀਓ ਸ਼ਾਰਟ ਨੇ ਸਾਡਾ ਸਬਰ ਖੋਹ ਲਿਆ ਹੈ ਅਤੇ ਇਸ ਤੋਂ ਉਲਟ ਕਿਤਾਬਾਂ ਸਾਨੂੰ ਸਬਰ-ਸੰਤੋਖ ਦਿੰਦੀਆਂ ਹਨ। ਸਾਹਿਤ ਸਾਡੀ ਭਾਵਨਾ, ਸੰਭਾਵਨਾ ਅਤੇ ਬੰਦਿਆਈ ਨੂੰ ਉਭਾਰਦਾ ਹੈ ਅਤੇ ਮਨੁੱਖ ਨੂੰ ਬੰਦਾ ਬਣਾਉਂਦਾ ਹੈ। ਇਸ ਲੈਕਚਰ ਤੋਂ ਬਾਅਦ ਵਿਦਿਆਰਥੀਆਂ ਅਤੇ ਮੁੱਖ ਬੁਲਾਰੇ ਵਿਚਕਾਰ ਸਵਾਲਾਂ-ਜਵਾਬਾਂ ਦਾ ਅਦਾਨ-ਪ੍ਰਦਾਨ ਵੀ ਹੋਇਆ। ਅੰਤ ਵਿਚ ਕਾਲਜ ਪ੍ਰਿੰਸੀਪਲ ਅਤੇ ਪੰਜਾਬ ਵਿਭਾਗ ਵਲੋਂ ਮਹਿਮਾਨ ਵਕਤਾ ਦਾ ਸਨਮਾਨ ਕੀਤਾ ਗਿਆ। ਪੰਜਾਬੀ ਵਿਭਾਗ ਤੋਂ ਡਾ. ਵੀਰਪਾਲ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਗਮ ਦਾ ਮੰਚ-ਸੰਚਾਲਨ ਡਾ. ਦਵਿੰਦਰ ਸਿੰਘ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਕਾਲਜ ਦੇ ਵੱਖ–ਵੱਖ ਵਿਭਾਗਾਂ ਤੋਂ ਪ੍ਰੋਫੈਸਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Related Post