post

Jasbeer Singh

(Chief Editor)

Patiala News

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇ: ਸਰਬ ਪ੍ਰਵਾਨਤ ਹੋਵੇ: ਸਮੂੰਹ ਨਿਹੰਗ ਸਿੰਘ ਜਥੇਬੰਦੀਆਂ

post-img

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇ: ਸਰਬ ਪ੍ਰਵਾਨਤ ਹੋਵੇ: ਸਮੂੰਹ ਨਿਹੰਗ ਸਿੰਘ ਜਥੇਬੰਦੀਆਂ 6 ਜੂਨ ਨੂੰ ਟਕਰਾਅ ਵਾਲੀ ਸਥਿਤੀ ਨਹੀਂ ਬਨਣੀ ਚਾਹੀਦੀ ਅੰਮ੍ਰਿਤਸਰ, 4 ਜੂਨ : ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਲਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਜਥੇਦਾਰ ਸਮੁੱਚੀ ਕੌਮ ਨੂੰ ਪ੍ਰਵਾਨ ਨਹੀਂ ਉਸ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਘੱਲੂਘਾਰੇ ਸਮੇਂ ਕੌਮ ਦੇ ਨਾਮ ਸੰਦੇਸ਼ ਦੇਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ। ਨਿਹੰਗ ਸਿੰਘ ਜਥੇਬੰਦੀਆਂ ਇਸ ਦਾ ਡਟਵਾਂ ਵਿਰੋਧ ਕਰਨਗੀਆਂ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ, ਦਲਪੰਥ ਬਾਬਾ ਬਿਧੀ ਚੰਦ ਸਾਹਿਬ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ ਨੇ ਸਾਂਝੇ ਤੌਰ ਤੇ ਕਿਹਾ ਮਰਯਾਦਾ ਦੀ ਬਹਾਲੀ ਲਈ ਸਾਰੀਆਂ ਸੰਪਰਦਾਵਾਂ, ਦਮਦਮੀ ਟਕਸਾਲ, ਸੰਤ ਮਹਾਂਪੁਰਸ਼, ਪੰਥਕ ਜਥੇਬੰਦੀਆਂ ਮੁਕੰਮਲ ਰੂਪ ਵਿੱਚ ਸਾਰੇ ਇੱਕਜੁੱਟ ਹਨ। ਕੁਲਦੀਪ ਸਿੰਘ ਗੜਗੱਜ ਪੰਥਕ ਮਰਯਾਦਾ ਅਨੁਸਾਰ ਜਥੇਦਾਰ ਨਹੀਂ ਬਣਿਆ। ਉਸ ਨੂੰ ਕੌਮੀ ਮਾਮਲਿਆਂ ਵਿੱਚ ਸਿੱਧਾ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਿਹੰਗ ਸਿੰਘ ਮੁਖੀਆਂ ਨਾਲ ਮੀਟਿੰਗ ਕਰਕੇ ਜਥੇਦਾਰ ਸਾਹਿਬਾਨ ਸਬੰਧੀ ਜਲਦ ਸਰਬ ਪ੍ਰਵਪਤ ਬਚਨ ਦਿਤਾ ਸੀ, ਪਰ ਏਨ੍ਹਾਂ ਸਮਾਂ ਬੀਤਣ ਦੇ ਬਾਅਦ ਵੀ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਸ਼ੋਮਣੀ ਕਮੇਟੀ ਨੂੰ ਚਲਾਉਣ ਵਾਲੇ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ। ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਫੈਸਲੇ ਨਾ ਲੈਣ, ਦਿਨੋਂ ਦਿਨ ਤਖ਼ਤਾਂ ਦੀ ਮਰਯਾਦਾ ਨੂੰ ਵੀ ਢਾਹ ਲੱਗ ਰਹੀ ਹੈ। ਇਸ ਤਰ੍ਹਾਂ ਦੀ ਕਵਾਇਦ ਤੋਂ ਸ਼੍ਰੋਮਣੀ ਕਮੇਟੀ ਨੂੰ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਜਥੇਦਾਰਾਂ ਨੂੰ ਬੇਪਤੀ ਨਾਲ ਆਹੁਦਿਆਂ ਤੋਂ ਬਰਖਾਸਤ ਕਰਨਾ, ਫਿਰ ਮਰਯਾਦਾ ਦਾ ਉਲੰਘਣ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਜਥੇਦਾਰ ਨੂੰ ਚੋਰ ਮੋਰੀ ਸੇਵਾ ਸੌਂਪੀ ਜਾਣੀ। ਉਨ੍ਹਾਂ ਕਿਹਾ ਸਿੱਖ ਜਥੇਬੰਦੀਆਂ ਇਸ ਨੂੰ ਪ੍ਰਵਾਨਗੀ ਨਹੀਂ ਦਿੰਦੀਆਂ। ਫਿਰ ਸ਼ੋਮਣੀ ਕਮੇਟੀ ਧੱਕੇਸ਼ਾਹੀ ਨਾਲ ਉਨ੍ਹਾਂ ਨੂੰ 1984 ਦੇ ਘੱਲੂਘਾਰੇ ਦੀ 41ਵੀਂ ਵਰੇਗੰਢ ਤੇ ਸੰਦੇਸ਼ ਦੇਣ ਅਤੇ ਸ਼ਹੀਦ ਪ੍ਰੀਵਾਰਾਂ ਨੂੰ ਉਸ ਤੋਂ ਸਨਮਾਨਤ ਕਰਨ ਸਬੰਧੀ ਆਪਣੀ ਜਿੱਦ ਕਿਉਂ ਪੁੱਗਾ ਰਹੀ ਹੈ। ਉਨ੍ਹਾਂ ਕਿਹਾ ਇਹ ਇੱਕ ਤਰ੍ਹਾਂ ਦਾ ਸ਼ਹੀਦ ਸਿੰਘਾਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਨਿਰਾਦਰ ਕਰਨ ਵਾਲੀ ਕਾਰਵਾਈ ਹੈ। ਇਸ ਫੌਜੀ ਹਮਲੇ ਦੇ ਮੁਖੀ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਸਪੁੱਤਰ ਨੇ ਸਪੱਸ਼ਟ ਰੂਪ ਵਿੱਚ ਸਿਰਪਾਓ ਲੈਣ ਤੋਂ ਨਾਹ ਕਰ ਦਿਤੀ ਹੈ। ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਿਹੰਗ ਸਿੰਘਾਂ ਦੀ ਜਿੰਦਜਾਨ ਸਤਿਕਾਰਤ ਸਰਵ ਉਚ ਅਸਥਾਨ ਹਨ ਇਨ੍ਹਾਂ ਅਸਥਾਨਾਂ ਦੀ ਅਜਮਤ ਲਈ ਸਾਡੀਆਂ ਅਨੇਕਾਂ ਕੁਰਬਾਨੀਆਂ ਹਨ। ਉਨ੍ਹਾਂ ਕਿਹਾ ਏਥੇ ਅਜਿਹੀ ਕੋਈ ਟਕਰਾਅ ਵਾਲੀ ਸਥਿਤੀ ਨਹੀਂ ਬਨਣੀ ਚਾਹੀਦੀ। ਸ਼੍ਰੋਮਣੀ ਕਮੇਟੀ ਨੂੰ ਆਪਣੇ ਫੈਸਲਿਆਂ ਸਬੰਧੀ ਸਵੈਪੜਚੋਲ ਕਰਨੀ ਚਾਹੀਦੀ ਹੈ, ਉਸ ਨੂੰ ਬਾਰ ਬਾਰ ਸਿੱਖ ਭਾਵਨਾਵਾਂ ਦੇ ਉਲਟ ਵਾਲੇ ਫੈਸਲੇ ਨਹੀਂ ਲੈਣੇ ਚਾਹੀਦੇ। ਉਨ੍ਹਾਂ ਕਿਹਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ ਕਿ ਇਸ ਜਥੇਦਾਰ ਨੂੰ ਕੋਈ ਸਿਰਪਾਓ ਨਾ ਦਿਤਾ ਜਾ ਸਕਦਾ, ਨਾ ਲਿਆ ਜਾ ਸਕਦਾ ਹੈ। ਤਖ਼ਤਾਂ ਦੀ ਮਾਨ ਮਰਯਾਦਾ ਕਾਇਮ ਰੱਖਣੀ ਸ਼੍ਰੋਮਣੀ ਕਮੇਟੀ ਤੇ ਹਰੇਕ ਸਿੱਖ ਦਾ ਮੁੱਢਲਾ ਫ਼ਰਜ਼ ਹੈ। ਪਰ ਅੱਜ ਤਾਂ ਤਖ਼ਤਾਂ ਵਿੱਚ ਟਕਰਾਅ ਪੈਦਾ ਹੋ ਗਿਆ ਜੋ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਸਾਡਾ ਨਿਜੀ ਤੌਰ ਤੇ ਸ਼੍ਰੋਮਣੀ ਕਮੇਟੀ ਨਾਲ ਕੋਈ ਵਿਰੋਧ ਨਹੀਂ ਹੈ ਤਖ਼ਤਾਂ ਦੀ ਆਣ ਬਾਣ ਸ਼ਾਨ ਅਤੇ ਮਰਯਾਦਾ ਪੂਰਨ ਤੌਰ ਤੇ ਬਹਾਲ ਹੋਣੀ ਚਾਹੀਦੀ ਹੈ।

Related Post

Instagram