
ਹੜ੍ਹ ਆਉਣ ਦੀ ਸੂਰਤ 'ਚ ਬਚਾਅ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਰਣਨੀਤੀ ਤਿਆਰ
- by Jasbeer Singh
- July 9, 2024

ਹੜ੍ਹ ਆਉਣ ਦੀ ਸੂਰਤ 'ਚ ਬਚਾਅ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਰਣਨੀਤੀ ਤਿਆਰ -ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਤੇ ਹੜ੍ਹਾਂ ਵਰਗੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਸ਼ੌਕਤ ਅਹਿਮਦ ਪਰੇ -ਕਿਹਾ, ਜਿੱਥੇ ਪਿਛਲੇ ਸਾਲ ਆਏ ਹੜ੍ਹ ਦਾ ਪਾਣੀ ਆਇਆ ਸੀ, ਉਨ੍ਹਾਂ ਥਾਂਵਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਪਟਿਆਲਾ, 9 ਜੁਲਾਈ : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਮੌਨਸੂਨ ਦੇ ਮੱਦੇਨਜ਼ਰ ਹੜ੍ਹਾਂ ਵਰਗੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਬਣਾਈ ਗਈ ਰਣਨੀਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਿਛਲੇ ਸਾਲ ਹੜ੍ਹਾਂ ਮੌਕੇ ਜਿਸ ਜਗ੍ਹਾ 'ਤੇ ਪਾਣੀ ਆਇਆ ਸੀ, ਉਥੇ ਖਾਸ ਧਿਆਨ ਰੱਖਿਆ ਜਾਵੇ ਅਤੇ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਡਿਪਟੀ ਕਮਿਸ਼ਨਰ ਪਹਾੜਾਂ ਤੇ ਘੱਗਰ ਸਮੇਤ ਹੋਰ ਨਦੀਆਂ ਤੇ ਨਾਲਿਆਂ ਦੇ ਕੈਚਮੈਂਟ ਖੇਤਰ ਵਿੱਚ ਬਰਸਾਤ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਪੈਦਾ ਹੋਣ ਵਾਲੀ ਕਿਸੇ ਵੀ ਹੜ੍ਹਾਂ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਹੜ੍ਹ ਕੰਟਰੋਲ ਰੂਮ 0175-2350550 ਦਿਨ-ਰਾਤ ਕਾਰਜਸ਼ੀਲ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਪੂਰੀ ਤਰ੍ਹਾਂ ਚੌਕਸ ਹੈ। ਸ਼ੌਕਤ ਅਹਿਮਦ ਪਰੇ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਕਲਸਟਰ ਪੱਧਰ 'ਤੇ ਇੰਚਾਰਜ ਲਗਾ ਕੇ ਪੂਰੀ ਬਾਰੀਕਬੀਨੀ ਨਾਲ ਤਿਆਰੀ ਕਰਨ ਅਤੇ ਸਬੰਧਤ ਡੀ.ਐਸ.ਪੀਜ਼ ਨਾਲ ਤਾਲਮੇਲ ਕਰਕੇ ਸਮੁੱਚੇ ਪ੍ਰਬੰਧਾਂ 'ਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਸੰਵੇਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ ਜਾਵੇ। ਜਦਕਿ ਬਰਸਾਤਾਂ ਦੇ ਮੌਸਮ ਦੌਰਾਨ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣਾ ਸਟੇਸ਼ਨ ਨਹੀਂ ਛੱਡੇਗਾ, ਕਿਉਂਕਿ ਹੜ੍ਹਾਂ ਕਰਕੇ ਨਾਗਰਿਕਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਣ ਦਿੱਤਾ ਜਾ ਸਕਦਾ। ਡਿਪਟੀ ਕਮਿਸ਼ਨਰ ਨੇ ਜਲ ਨਿਕਾਸ, ਸਿੰਚਾਈ, ਲੋਕ ਨਿਰਮਾਣ, ਮੰਡੀ ਬੋਰਡ, ਜਲ ਸਪਲਾਈ ਤੇ ਸੀਵਰੇਜ ਬੋਰਡ, ਸਥਾਨਕ ਸਰਕਾਰਾਂ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਕਮਿਉਨੀਕੇਸ਼ਨ ਪਲਾਨ ਤੇ ਹੜ੍ਹਾਂ ਤੋਂ ਬਚਾਅ ਲਈ ਯੋਜਨਾ ਸਮੇਤ ਭਾਰਤੀ ਫ਼ੌਜ, ਐਨ.ਡੀ.ਆਰ.ਐਫ, ਪੁਲਿਸ ਤੇ ਹੋਰ ਵਿਭਾਗਾਂ ਦੀ ਆਫ਼ਤ ਪ੍ਰਬੰਧਨ ਯੋਜਨਾ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਡਰੇਨੇਜ ਵਿਭਾਗ ਨੂੰ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਖਾਸ ਕਰਕੇ ਜਿੱਥੇ ਪਿਛਲੇ ਸਾਲ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਂਵਾਂ ਉਪਰ ਮੁੜ ਤੋਂ ਨਜ਼ਰਸਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਪੁਲੀਆਂ, ਕਲਵਰਟ, ਸਾਈਫ਼ਨ, ਨਾਲਿਆਂ ਤੇ ਛੱਪੜਾਂ ਤੇ ਹੋਰ ਨਿਕਾਸੀ ਨਾਲਿਆਂ ਆਦਿ ਦੀ ਸਾਫ਼ ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਸੜਕਾਂ ਦਾ ਰੋਡ ਮੈਪ, ਜੇ.ਸੀ.ਬੀਜ਼ ਤੇ ਰੇਤ ਦੇ ਥੈਲਿਆਂ ਦੇ ਪ੍ਰਬੰਧ, ਜੰਬੋ ਬੈਗ, ਲੋਹੇ ਦੀਆਂ ਤਾਰਾਂ ਦਾ ਜਾਲ, ਕੀਤੇ ਜਾਣ ਵਾਲੇ ਬਚਾਅ ਕਾਰਜਾਂ, ਹੜ੍ਹ ਦੀ ਸਥਿਤੀ 'ਚ ਨਾਗਰਿਕਾਂ ਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖੇ ਜਾਣ ਲਈ ਰਾਹਤ ਕੈਂਪਾਂ, ਪਸ਼ੂਆਂ ਲਈ ਹਰੇ ਚਾਰੇ ਦੇ ਪ੍ਰਬੰਧਾਂ, ਹੜ੍ਹ ਮੌਕੇ ਖਾਣ-ਪੀਣ ਦਾ ਪ੍ਰਬੰਧ, ਮੈਡੀਕਲ ਟੀਮਾਂ ਤੇ ਦਵਾਈਆਂ ਆਦਿ ਦਾ ਵੀ ਜਾਇਜ਼ਾ ਲਿਆ । ਮੀਟਿੰਗ 'ਚ ਏ.ਡੀ.ਸੀਜ ਕੰਚਨ, ਡਾ. ਹਰਜਿੰਦਰ ਸਿੰਘ ਬੇਦੀ ਤੇ ਨਵਰੀਤ ਕੌਰ ਸੇਖੋਂ, ਐਸ.ਪੀ. (ਸਿਟੀ) ਮੁਹੰਮਦ ਸਰਫ਼ਰਾਜ ਆਲਮ ਤੇ ਐਸ.ਪੀ. (ਸਥਾਨਕ) ਹਰਬੰਤ ਕੌਰ, ਐਸ.ਡੀ.ਐਮਜ਼ ਅਰਵਿੰਦ ਕੁਮਾਰ, ਤਰਸੇਮ ਚੰਦ, ਰਿਚਾ ਗੋਇਲ ਤੇ ਰਵਿੰਦਰ ਸਿੰਘ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ, ਜ਼ਿਲ੍ਹਾ ਮਾਲ ਅਫ਼ਸਰ ਗੁਰਲੀਨ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਤੇ ਪੰਚਾਇਤੀ ਰਾਜ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.