

ਸਿਵਲ ਸਰਜਨ ਵੱਲੋਂ ਕੀਤੀ ਗਈ ਓਟ ਅਜਨੋਦਾ ਕਲਾਂ ਦੀ ਸੁਪਰਵੀਜ਼ਨ ਪਟਿਆਲਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਜੀ ਅਤੇ ਸਿਹਤ ਡਾਇਰੈਕਟਰ ਡਾ. ਹਤਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਪਟਿਆਲਾ ਅੰਦਰ ਨਸ਼ਾ ਪੀੜਤਾਂ ਦੇ ਮੈਡੀਕਲ ਇਲਾਜ ਤੋਂ ਪੂਰਨ ਇਲਾਜ ਤੱਕ ਦਾਖਲੇ ਦਾ ਪ੍ਰਬੰਧ, ਕਾਊਂਸਲਿੰਗ ਰਾਹੀ ਨਸ਼ਾ ਛੱਡਣ ਲਈ ਦ੍ਰਿੜ ਸ਼ਕਤੀ ਉਤਪੰਨ ਕਰਨੀ, ਚੰਗੀ ਜ਼ਿੰਦਗੀ ਜਿਉਣ ਲਈ ਸਹੀ ਰਸਤੇ ਬਾਰੇ ਪ੍ਰੇਰਿਤ ਕਰਨਾ, ਨਸ਼ਾ ਛੱਡਣ ਉਪਰੰਤ ਰੋਜ਼ਗਾਰ ਲਈ ਜਾਗਰੁਕ ਕਰਨਾ, ਸਮਾਜਿਕ ਧਾਰਮਿਕ ਕੰਮਾਂ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕਰਨਾਆਦਿ ਸਹੂਲਤਾ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ । ਇਹਨਾਂ ਸਹੂਲਤਾਂ ਦੇ ਜਾਇਜ਼ੇ ਲਈ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਵੱਲੋਂ ਪੀ. ਐਚ. ਸੀ. ਅਜਨੋਦਾ ਕਲਾ ਦੇ ਓਟ ਸੈਂਟਰ ਦਾ ਦੌਰਾ ਕੀਤਾ ਗਿਆ, ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ । ਉਹਨਾਂ ਕਿਹਾ ਕਿ ਨਸ਼ਾ ਮੁਕਤੀ ਕੇਂਦਰ, ਮੁੜ ਵਸੇਬਾ ਕੇਂਦਰ ਤੇ ਓਟ ਸੈਂਟਰਾਂ ਵਿੱਚ ਲੋੜੀਦੀਆਂ ਸਾਰੀਆਂ ਦਵਾਈਆਂ, ਟੈਸਟਿੰਗ ਕਿੱਟਾਂ, ਕੇਂਦਰਾਂ ਦੀ ਸਾਫ ਸਫਾਈ ਪ੍ਰਬੰਧਨ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦਾ ਹਿੱਸਾ ਬਣ ਕੇ ਇਸ ਨੂੰ ਲੋਕ ਲਹਿਰ ਬਣਾਇਆ ਜਾਵੇ। ਆਪਣੇ ਪਿੰਡ, ਸ਼ਹਿਰ, ਗਲੀ, ਮੁਹੱਲੇ, ਰਿਸ਼ਤੇਦਾਰਾਂ ਅਤੇ ਸੰਪਰਕ ਵਿੱਚ ਆਉਣ ਵਾਲੇ ਨਸ਼ਾ ਪੀੜਿਤ ਵਿਅਕਤੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਪ੍ਰੇਰਤ ਕੀਤਾ ਜਾਵੇ ਤਾਂ ਕਿ ਸਮਾਜ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ । ਇਸ ਮੌਕੇ ਉਹਨਾਂ ਨਾਲ ਜਿਲਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਨਵਜੋਤ ਕੌਰ ਮੈਡੀਕਲ ਅਫਸਰ ਅਤੇ ਪੀ. ਐਚ. ਸੀ. ਦਾ ਹੋਰ ਬਾਕੀ ਸਟਾਫ ਮੌਜੂਦ ਸੀ ।