
ਗੋਧਰਾ ਰੇਲ ਕਾਂਡ ਮਾਮਲੇ ਦੀ ਸੁਣਵਾਈ 13 ਫਰਵਰੀ ਨੂੰ ਸੁਪਰੀਮ ਕੋਰਟ
- by Jasbeer Singh
- January 17, 2025

ਗੋਧਰਾ ਰੇਲ ਕਾਂਡ ਮਾਮਲੇ ਦੀ ਸੁਣਵਾਈ 13 ਫਰਵਰੀ ਨੂੰ ਸੁਪਰੀਮ ਕੋਰਟ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਵਲੋਂ 2002 ਦੇ ਗੋਧਰਾ ਰੇਲ ਅਗਨੀਕਾਂਡ ਮਾਮਲੇ ਵਿੱਚ ਗੁਜਰਾਤ ਸਰਕਾਰ ਅਤੇ ਕਈ ਹੋਰ ਦੋਸ਼ੀਆਂ ਵੱਲੋਂ ਦਾਇਰ ਅਪੀਲਾਂ ’ਤੇ 13 ਫਰਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਜਸਟਿਸ ਜੇ. ਕੇ. ਮਹੇਸ਼ਵਰੀ ਅਤੇ ਜਸਟਿਸ ਅਰਵਿੰਦ ਕੁਮਾਰ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਅਗਲੀ ਸੁਣਵਾਈ ’ਤੇ ਮਾਮਲੇ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ। ਗੁਜਰਾਤ ਦੇ ਗੋਧਰਾ ਵਿੱਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈੱਸ ਦੇ ਐੱਸ-6 ਕੋਚ ਵਿੱਚ ਅੱਗ ਲਗਾ ਦਿੱਤੀ ਗਈ ਸੀ, ਜਿਸ ਵਿੱਚ 59 ਲੋਕ ਮਾਰੇ ਗਏ ਸਨ ਅਤੇ ਸੂਬੇ ਵਿੱਚ ਦੰਗੇ ਭੜਕ ਗਏ ਸਨ। ਗੁਜਰਾਤ ਹਾਈ ਕੋਰਟ ਦੇ ਅਕਤੂਬਰ 2017 ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਿਖ਼ਰਲੀ ਅਦਾਲਤ ਵਿੱਚ ਕਈ ਅਪੀਲਾਂ ਦਾਇਰ ਕੀਤੀਆਂ ਗਈਆਂ ਹਨ। ਗੁਜਰਾਤ ਹਾਈ ਕੋਰਟ ਦੇ ਇਸ ਫੈਸਲੇ ਵਿੱਚ ਕਈ ਦੋਸ਼ੀਆਂ ’ਤੇ ਸਾਬਿਤ ਕੀਤੇ ਗਏ ਦੋਸ਼ਾਂ ਨੂੰ ਬਰਕਰਾਰ ਰੱਖਿਆ ਗਿਆ ਸੀ ।