
ਨਾਟਕ 'ਅਦਬੀ ਬੈਠਕ' ਦੀ ਪੇਸ਼ਕਾਰੀ ਨਾਲ਼ 10ਵਾਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਸੰਪੰਨ
- by Jasbeer Singh
- December 9, 2024

ਨਾਟਕ 'ਅਦਬੀ ਬੈਠਕ' ਦੀ ਪੇਸ਼ਕਾਰੀ ਨਾਲ਼ 10ਵਾਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਸੰਪੰਨ -ਰੂ-ਬ-ਰੂ ਸੈਸ਼ਨ ਦੌਰਾਨ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਅਤੇ ਲੇਖਕ ਕਿਰਪਾਲ ਕਜ਼ਾਕ ਨੇ ਤਜਰਬੇ ਸਾਂਝੇ ਕੀਤੇ ਪਟਿਆਲਾ, 9 ਦਸੰਬਰ : ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵੱਲੋਂ ਕਰਵਾਇਆ ਗਿਆ 10ਵਾਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ 'ਟੀਮ ਰਾਬਤਾ ਦਿੱਲੀ' ਵੱਲੋਂ ਪੇਸ਼ ਕੀਤੇ ਗਏ ਨਾਟਕ 'ਅਦਬੀ ਬੈਠਕ' ਨਾਲ਼ ਸੰਪੰਨ ਹੋ ਗਿਆ ਹੈ । ਇਸ ਨਾਟਕ ਦਾ ਨਿਰਦੇਸ਼ਨ ਸ਼ਮਿਰ ਖਾਨ ਨੇ ਕੀਤਾ । ਇਹ ਨਾਟਕ ਉਰਦੂ ਭਾਸ਼ਾ ਚ ਖੇਡਿਆ ਗਿਆ ਜਿਸ ਵਿੱਚ ਸ਼ਮਿਰ ਖਾਨ ਅਤੇ ਜੈਸ਼੍ਰੀ ਨੇ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਹਸਾਇਆ। ਨਾਟਕ ਵਿੱਚ ਸਮਾਜ ਅਤੇ ਰਾਜਨੀਤੀ ‘ਤੇ ਤਿੱਖਾ ਵਿਅੰਗ ਕੀਤਾ ਗਿਆ । ਪਤਰਸ ਬੁਖਾਰੀ ਦੇ ਲਿਖੇ ਨਾਟਕ ਨੂੰ ਕਲਾਸਿਕ ਦੱਸਾਂਗੋਈ ਸਟਾਈਲ ਵਿੱਚ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਪੇਸ਼ ਕੀਤਾ ਗਿਆ ।ਮਿਊਜ਼ਿਕ ਤੇ ਲਾਈਟਿੰਗ ਤੇ ਉੱਤਮ ਅਤੇ ਮਨਪ੍ਰੀਤ ਨੇ ਸਾਥ ਨਿਭਾਇਆ । ਪ੍ਰਸਿੱਧ ਲੇਖਕ ਕਿਰਪਾਲ ਕਜ਼ਾਕ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਕਿਵੇ ਬਿਨਾਂ ਕਿਸੇ ਮੂਵਮੈਂਟ ਤੋਂ ਇਕ ਜਗ੍ਹਾ ਬੈਠ ਕੇ ਵੀ ਪੂਰਾ ਨਾਟਕ ਖੇਡਿਆ ਜਾ ਸਕਦਾ ਹੈ। ਕਲਾਕਾਰ ਕਿਵੇਂ ਆਪਣੀ ਅਦਾਕਾਰੀ ਨਾਲ਼ ਦਰਸ਼ਕਾਂ ਦੇ ਸਾਹਮਣੇ ਦ੍ਰਿਸ਼ ਪੇਸ਼ ਕਰ ਸਕਦਾ ਹੈ । ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਰਿੰਦਰ ਕੌਸ਼ਿਕ ਨੇ ਇਸ ਮੌਕੇ ਕਲਾਕਾਰਾਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਇਹ ਨਾਟਕ ਮੇਲਾ ਕਲਾ ਤੇ ਸਾਹਿਤ ਪੱਖੋਂ ਸਿਖਰਾਂ ਛੂਹ ਗਿਆ । ਉਨ੍ਹਾਂ ਕਿਹਾ ਕਿ ਇਹ ਨਾਟਕ ਮੇਲੇ ਲੋਕਾਂ ਨੂੰ ਚੇਤਨ ਕਰਨ, ਸੇਧ ਦੇਣ ਅਤੇ ਸੱਭਿਆਚਾਰ ਨਾਲ ਜੋੜਨ ਲਈ ਸਹਾਈ ਹੁੰਦੇ ਹਨ । ਅੰਤ ਵਿੱਚ ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ । ਸਵੇਰ ਦੇ ਰੂ-ਬ-ਰੂ ਵਾਲ਼ੇ ਸੈਸ਼ਨ ਦੌਰਾਨ ਪੰਜਾਬੀ ਰੰਗਮੰਚ ਤੇ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਅਤੇ ਲੇਖਕ ਕਿਰਪਾਲ ਕਜ਼ਾਕ ਨੇ ਦਰਸ਼ਕਾਂ ਨਾਲ਼ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ । ਉਨ੍ਹਾਂ ਦੱਸਿਆ ਕਿ ਰੰਗਮੰਚ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦਾ ਹੈ। ਇਨਸਾਨ ਦੀਆਂ ਅਸਫਲਤਾਵਾਂ ਉਸਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ । ਉਨ੍ਹਾਂ ਟੀਵੀ, ਥੀਏਟਰ ਅਤੇ ਸਿਨੇਮਾ ਦੀ ਐਕਟਿੰਗ ਦੇ ਫਰਕ ਬਾਰੇ ਵੀ ਦੱਸਿਆ ਅਤੇ ਦੱਸਿਆ ਕਿ ਸਮੇਂ ਦੇ ਨਾਲ਼ ਕਿਵੇਂ ਅਦਾਕਾਰੀ ਦੇ ਤਰੀਕੇ ਵੀ ਬਦਲਦੇ ਹਨ । ਅੰਤ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿਤ 21 ਸੈਂਚੁਰੀ ਵੱਲੋਂ ਪ੍ਰਕਾਸ਼ਿਤ ਪ੍ਰਿਤਪਾਲ ਸਿੰਘ ਦੀ ਲਿਖੀ ਪੁਸਤਕ 'ਹਾਸਾ ਨਿਰ੍ਹਾ ਪਤਾਸਾ' ਰਿਲੀਜ਼ ਕੀਤੀ ਗਈ ।