
ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਨਾਲ਼ ਸੰਬੰਧਿਤ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
- by Jasbeer Singh
- November 27, 2024

ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਨਾਲ਼ ਸੰਬੰਧਿਤ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ 58ਵੀਂ ਸੱਤ ਰੋਜ਼ਾ ਕਾਰਜਸ਼ਾਲਾ (ਵਰਕਸ਼ਾਪ) ਸਮਾਪਤ ਪਟਿਆਲਾ, 27 ਨਵੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਨਾਲ ਸੰਬੰਧਿਤ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਆਯੋਜਿਤ 58ਵੀਂ ਸੱਤ ਰੋਜ਼ਾ ਕਾਰਜਸ਼ਾਲਾ (ਵਰਕਸ਼ਾਪ) ਸਮਾਪਤ ਹੋ ਗਈ। ਕਾਰਜਸ਼ਾਲਾ ਵਿੱਚ ਯੂਨੀਵਰਸਿਟੀ ਦੇ ਸੰਗੀਤ ਵਿਭਾਗ, ਭਾਸ਼ਾ ਵਿਗਿਆਨ ਵਿਭਾਗ, ਧਰਮ ਅਧਿਐਨ ਵਿਭਾਗ, ਪੰਜਾਬੀ ਵਿਭਾਗ ਸਮੇਤ ਟੌਹੜਾ ਇੰਸਟੀਚਿਊਟ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ । ਪੰਜਾਬੀ ਟਾਈਪਿੰਗ, ਯੂਨੀਕੋਡ ਪ੍ਰਣਾਲੀ, ਪੰਜਾਬੀ ਵਰਡ ਪ੍ਰੋਸੈਸਰ ਅੱਖਰ, ਪੰਜਾਬੀ ਅਧਿਐਨ, ਕੋਸ਼, ਵਿਸ਼ਵ-ਕੋਸ਼, ਫ਼ੋਨ ਕਨਵਰਟਰ, ਸਪੈਲ ਚੈੱਕਰ, ਓਸੀਆਰ, ਮਸ਼ੀਨੀ ਬੁੱਧੀਮਾਨਤਾ ਨਾਲ ਸੰਬੰਧਿਤ ਵੈੱਬਸਾਈਟਾਂ ਅਤੇ ਐਪਸ ਦੀ ਪ੍ਰਯੋਗੀ ਜਾਣਕਾਰੀ ਲਈ ਇਹ ਥੋੜ੍ਹੇ ਸਮੇਂ ਦਾ ਹੁਨਰ ਵਿਕਾਸ ਪ੍ਰੋਗਰਾਮ ਕਾਫ਼ੀ ਲਾਹੇਵੰਦ ਸਿੱਧ ਹੋ ਰਿਹਾ ਹੈ । ਕਾਰਜਸ਼ਾਲਾ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜੋਤੀ ਪੁਰੀ ਨੇ ਭਾਗੀਦਾਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਨਿੱਤ ਰੋਜ਼ ਨਵੀਆਂ ਖੋਜਾਂ ਹੋ ਰਹੀਆਂ ਹਨ ਤੇ ਇਸ ਨੂੰ ਸਮੇਂ ਸਮੇਂ ਉੱਤੇ ਨਵਿਆਉਂਦੇ ਰਹਿਣਾ ਚਾਹੀਦਾ ਹੈ। ਡਾ. ਪੁਰੀ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਤੇ ਥਿਊਰੀ ਅਤੇ ਪ੍ਰੈਕਟੀਕਲ ਇਮਤਿਹਾਨ ਵਿੱਚੋਂ ਅੱਵਲ ਆਉਣ ਵਾਲੀ ਸੰਗੀਤ ਵਿਭਾਗ ਦੀ ਖੋਜਾਰਥਣ ਗੁਰਦੀਪ ਕੌਰ ਨੂੰ ਸਨਮਾਨਿਤ ਕੀਤਾ । ਕਾਰਜਸ਼ਾਲਾ ਦੇ ਸੰਚਾਲਕ ਡਾ. ਸੀ. ਪੀ. ਕੰਬੋਜ ਨੇ ਕਿਹਾ ਕਿ ਵਿਭਾਗ ਦੀ ਮੁਖੀ ਡਾ. ਹਰਵਿੰਦਰ ਪਾਲ ਕੌਰ ਦੀ ਅਗਵਾਈ ਹੇਠ ਪੰਜਾਬੀ ਕੰਪਿਊਟਰਕਾਰੀ ਬਾਰੇ ਪੰਜਾਬੀ ਮਾਧਿਅਮ ਵਿੱਚ ਸਿਖਲਾਈ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਉਹਨਾਂ ਕਿਹਾ ਕਿ ਦਸੰਬਰ ਵਿੱਚ ਪੰਜਾਬੀ ਯੂਟਿਊਬਕਾਰੀ, ਪੰਜਾਬੀ ਬਲੋਗਕਾਰੀ ਅਤੇ ਪੰਜਾਬੀ ਭਾਸ਼ਾ ਵਿੱਚ ਮਸ਼ੀਨੀ ਬੁੱਧੀਮਾਨਤਾ ਦੀ ਵਰਤੋਂ ਬਾਰੇ ਕੋਰਸ ਕਰਵਾਏ ਜਾਣਗੇ। ਸਮਾਰੋਹ ਦੌਰਾਨ ਸਫਲ ਮੰਚ ਸੰਚਾਲਨ ਭਾਸ਼ਾ ਵਿਗਿਆਨ ਦੇ ਵਿਦਿਆਰਥੀ ਮਨਦੀਪ ਸਿੰਘ ਨੇ ਬਾਖ਼ੂਬੀ ਕੀਤਾ ।