

ਗੰਨੇ ਦੇ ਖੇਤ ਵਿੱਚੋਂ ਛੇ ਸਾਲਾ ਬੱਚੀ ਦੀ ਲਾਸ਼ ਮਿਲੀ ਯਮੁਨਾਨਗਰ : ਭਾਰਤ ਦੇ ਸ਼ਹਿਰ ਯਮੁਨਾਨਗਰ ਦੇ ਛਛਰੌਲੀ ਥਾਣੇ ਅਧੀਨ ਪੈਂਦੇ ਪਿੰਡ ਵਿੱਚ ਗੰਨੇ ਦੇ ਖੇਤ ਵਿੱਚੋਂ ਛੇ ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਪੀੜਤਾ ਸ਼ੁੱਕਰਵਾਰ ਸ਼ਾਮ ਨੂੰ ਘਰ ਦੇ ਬਾਹਰ ਖੇਡਦੀ ਹੋਈ ਲਾਪਤਾ ਹੋ ਗਈ ਸੀ । ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਲੜਕੀ ਨੂੰ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਜਿਣਸੀ ਸ਼ੋਸ਼ਣ ਤੋਂ ਬਾਅਦ ਮਾਰ ਦਿੱਤਾ ਹੈ । ਯਮੁਨਾਨਗਰ ਦੇ ਪੁਲਿਸ ਸੁਪਰਡੈਂਟ ਗੰਗਾ ਰਾਮ ਪੁਨੀਆ ਨੇ ਟ੍ਰਿਬਿਊਨ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਇੱਕ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਕੁਝ ਘੰਟਿਆਂ ਬਾਅਦ ਗੰਨੇ ਦੇ ਖੇਤ ਵਿੱਚ ਪਈ ਮਿਲੀ। ਪੂਨੀਆ ਨੇ ਕਿਹਾ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਲੜਕੀ ਦਾ ਕਤਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਉਸ ਦਾ ਜਿਨਸੀ ਸ਼ੋਸ਼ਣ ਬਾਰੇ ਪੋਸਟਮਾਰਟਮ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ, ਉਨ੍ਹਾਂ ਕਿਹਾ ਕਿ ਇੱਕ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਜਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਅਜਿਹਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਬੂਰੀਆ ਕਸਬੇ ‘ਚ 7 ਸਾਲਾ ਬੱਚੀ ਨਾਲ ਉਸ ਦੇ ਗੁਆਂਢੀ ਨੇ ਕਥਿਤ ਤੌਰ ’ਤੇ ਜਬਰ ਜਨਾਹ ਕਰਕੇ ਕਤਲ ਕਰ ਦਿੱਤਾ ਸੀ। ਉਸਦੀ ਲਾਸ਼ 19 ਸਤੰਬਰ ਨੂੰ ਕਸਬੇ ਦੇ ਬਾਹਰਵਾਰ ਇੱਕ ਅੰਬਾਂ ਦੇ ਬਾਗ ਵਿੱਚ ਪਈ ਮਿਲੀ ਸੀ। ਇਸ ਮਾਮਲੇ ਵਿਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ।