ਠੇਕਾ ਮੁਲਾਜ਼ਮਾਂ ਨੇ ਸੁਨਾਮ 'ਚ ਮੁੱਖ ਮੰਤਰੀ ਨੂੰ ਦਿਖਾਈਆਂ ਕਾਲੀਆਂ ਝੰਡੀਆਂ, ਪੁਲਿਸ ਲਏ ਹਿਰਾਸਤ 'ਚ
- by Aaksh News
- May 7, 2024
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਸੋਮਵਾਰ ਨੂੰ ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਰੋਡ ਸ਼ੋਅ ਮੌਕੇ ਠੇਕਾ ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਦਿਖਾਕੇ ਨਾਅਰੇਬਾਜ਼ੀ ਕੀਤੀ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਸ਼ੇਰ ਸਿੰਘ ਖੰਨਾ, ਸੁਖਪਾਲ ਸਿੰਘ ,ਅਨੁਜ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਆਊਟ ਸੋਰਸ ਅਤੇ ਇਨਲਿਸਟਮੈਂਟ ਠੇਕਾ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਦੋ ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਠੇਕਾ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਗਿਆ ਜਿਸ ਕਾਰਨ ਠੇਕਾ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹਨ। ਸੰਘਰਸ਼ ਦੌਰਾਨ ਮੁੱਖ ਮੰਤਰੀ ਵੱਲੋਂ 21 ਵਾਰ ਲਿਖਤੀ ਮੀਟਿੰਗਾਂ ਦੇ ਕੇ ਐਨ ਮੌਕੇ 'ਤੇ ਜਾ ਕੇ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਗਿਆ। ਕਿਸੇ ਵੀ ਠੇਕਾ ਮੁਲਾਜ਼ਮ ਕਾਮੇ ਨੂੰ ਪੱਕਾ ਤੱਕ ਨਹੀਂ ਕੀਤਾ ਗਿਆ। ਜਦੋਂ ਅੱਜ ਚੋਣਾਂ ਦਾ ਦੌਰ ਤੇਜ਼ੀ ਨਾਲ ਚੱਲ ਰਿਹਾ ਹੈ, ਉੱਥੇ ਹੀ ਠੇਕਾ ਮੁਲਾਜ਼ਮਾਂ ਦਾ ਸੰਘਰਸ਼ ਵੀ ਜ਼ੋਰਾਂ 'ਤੇ ਹੈ। ਜਿੱਥੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਚੋਣ ਪ੍ਰਚਾਰ ਲਈ ਜਾਂਦੇ ਹਨ। ਉੱਥੇ ਉਹਨਾਂ ਦਾ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰ ਕੇ ਜ਼ੋਰਦਾਰ ਵਿਰੋਧ ਕੀਤਾ ਜਾਂਦਾ ਹੈ। ਅੱਜ ਇਸੇ ਤਰ੍ਹਾਂ ਸੁਨਾਮ ਵਿੱਚ ਦਾਖ਼ਲ ਹੋਣ 'ਤੇ ਠੇਕਾ ਕਾਮਿਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕੀਤਾ । ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸੁਨਾਮ ਵੱਲੋਂ ਕਈ ਕਾਮਿਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਈ ਕਾਮਿਆਂ ਨੂੰ ਨਜ਼ਰਬੰਦ ਕਰ ਕੇ ਰੱਖਿਆ ਗਿਆ ਜਿਸ ਵਿੱਚ ਅਸ਼ਵਨੀ ਕੁਮਾਰ ,ਰਾਹੁਲ ਕੁਮਾਰ ਅਤੇ ਵਿਸ਼ਵਜੀਤ ਸਿੰਘ ਨੂੰ ਥਾਣਾ ਮਾਰਕੀਟ ਕਮੇਟੀ ਵਿਖੇ ਹਿਰਾਸਤ 'ਚ ਰੱਖਿਆ ਗਿਆ। ਸੂਬੇ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਮੂਹ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਕਾਮਿਆਂ ਨੂੰ ਪੱਕਿਆ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਨਿਸ਼ਾਨ ਸਿੰਘ ਹਰਪ੍ਰੀਤ ਸਿੰਘ,ਰਾਜਪਾਲ, ਸਤਨਾਮ ਸਿੰਘ ਹਰਦੀਪ ਸਿੰਘ ਹਰਦੀਪ ਸਿੰਘ ਗੁਰਮੁਖ ਸਿੰਘ ਦਰਸ਼ਨ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.