ਕਸਟਮ ਵਿਭਾਗ ਨੇ ਪਕੜੀ ਕਰੋੜਾਂ ਰੁਪਏ ਦੀ ਚੰਦਨ ਦੀ ਲੱਕੜ ਨਵੀਂ ਦਿੱਲੀ : ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਚੰਦਨ ਨਾਲ ਲੱਦੇ ਇੱਕ ਟਰੱਕ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਭਾਰਤ ਅਤੇ ਨੇਪਾਲ ਦੀ ਅੰਤਰਰਾਸ਼ਟਰੀ ਸਰਹੱਦ ਸੋਨੌਲੀ ਦੇ ਮੁੱਖ ਗੇਟ ਰਾਹੀਂ ਰਕਤਾ ਚੰਦਨ ਦੀ ਵੱਡੀ ਖੇਪ ਨੇਪਾਲ ਭੇਜਣ ਦੀ ਯੋਜਨਾ `ਤੇ ਇਹ ਕਾਰਵਾਈ ਕੀਤੀ ਗਈ ਹੈ। ਨੇਪਾਲ ਦੀ ਸਰਹੱਦ `ਚ ਦਾਖਲ ਹੋਣ ਤੋਂ ਪਹਿਲਾਂ ਹੀ ਸੋਨੌਲੀ ਕਸਬੇ `ਚ ਸਥਿਤ ਕਸਟਮ ਬੈਰੀਅਰ ਨੇੜੇ ਟਰੱਕ ਨੂੰ ਫੜ ਲਿਆ ਗਿਆ। ਟਰੱਕ ਦੀ ਛੱਤ ਵਿੱਚ ਗੁਪਤ ਜਗ੍ਹਾ ਬਣਾ ਕੇ ਲਾਲ ਚੰਦਨ ਦੀ ਲੱਕੜ ਲੁਕੋਈ ਗਈ ਸੀ। ਇੱਕ ਟਰੱਕ ਅਤੇ ਇੱਕ ਗੋਦਾਮ ਵਿੱਚੋਂ 2.5 ਟਨ ਲਾਲ ਚੰਦਨ ਦੀ ਖੇਪ ਬਰਾਮਦ ਕੀਤੀ ਗਈ। ਇਸ ਦੌਰਾਨ ਵਿਭਾਗ ਵੱਲੋਂ ਮੌਕੇ ਤੋਂ ਫੜੇ ਗਏ ਨੇਪਾਲੀ ਨੰਬਰ ਪਲੇਟਾਂ ਵਾਲੇ ਟਰੱਕ ਅਤੇ ਨੌਤਨਵਾ ਕਸਬੇ ਦੇ ਬਾਈਪਾਸ ’ਤੇ ਸਥਿਤ ਇੱਕ ਗੋਦਾਮ ਨੂੰ ਸੀਲ ਕਰਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਲ ਚੰਦਨ ਦੀ ਅੰਤਰਰਾਸ਼ਟਰੀ ਕੀਮਤ ਲਗਭਗ 2.5 ਕਰੋੜ ਰੁਪਏ ਦੱਸੀ ਜਾਂਦੀ ਹੈ।
