July 6, 2024 02:44:15
post

Jasbeer Singh

(Chief Editor)

Sports

ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਪੈਮਾਨਿਆਂ ਬਾਰੇ ਫ਼ੈਸਲਾ 21 ਨੂੰ

post-img

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਪੈਰਿਸ ਓਲੰਪਿਕ ’ਚ ਨੁਮਾਇੰਦਗੀ ਵਾਸਤੇ ਭਾਰਤੀ ਦਲ ਦੀ ਚੋਣ ਲਈ 21 ਮਈ ਨੂੰ ਮਾਪਦੰਡ ਤੈਅ ਕਰੇਗਾ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਭਾਰਤ ਨੇ ਪੈਰਿਸ ਓਲੰਪਿਕ ਖੇਡਾਂ ਲਈ ਛੇ ਕੋਟੇ ਹਾਸਲ ਕੀਤੇ ਹਨ ਜਿਨ੍ਹਾਂ ਵਿੱਚੋਂ ਪੰਜ ਮਹਿਲਾ ਪਹਿਲਵਾਨਾਂ ਨੂੰ ਮਿਲੇ ਹਨ। ਅਮਨ ਸਹਿਰਾਵਤ ਪੁਰਸ਼ਾਂ ਦੇ 57 ਕਿੱਲੋ ਫ੍ਰੀ-ਸਟਾਈਲ ਵਰਗ ’ਚ ਕੋਟਾ ਹਾਸਲ ਕਰਨ ਵਾਲਾ ਇਕਲੌਤਾ ਪਹਿਲਵਾਨ ਹੈ। ਕੁਸ਼ਤੀ ਫੈਡਰੇਸ਼ਨ ਨੇ ਕਿਹਾ ਸੀ ਕਿ ਉਹ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਪਹਿਲਵਾਨਾਂ ਦੀ ਚੋਣ ਲਈ ਇੱਕ ਆਖਰੀ ਟਰਾਇਲ ਕਰਵਾਏਗਾ। ਪਹਿਲਾਂ ਦੱਸੇ ਗਏ ਪੈਮਾਨਿਆਂ ਮੁਤਾਬਕ ਇਹ ਕਿਹਾ ਗਿਆ ਸੀ ਕਿ ਆਖਰੀ ਟਰਾਇਲ ’ਚ ਸਿਖਰਲੇ ਚਾਰ ’ਚ ਰਹਿਣ ਵਾਲੇ ਪਹਿਲਵਾਨ ਇੱਕ-ਦੂਜੇ ਖ਼ਿਲਾਫ਼ ਮੁਕਾਬਲਾ ਕਰਨਗੇ ਅਤੇ ਉਨ੍ਹਾਂ ਵਿੱਚ ਅੱਵਲ ਰਹਿਣ ਵਾਲਾ ਪਹਿਲਵਾਨ ਕੋਟਾ ਜੇਤੂ ਨਾਲ ਮੁਕਾਬਲਾ ਕਰੇਗਾ। ਡਬਲਿਊਐਫਆਈ ਦੇ ਇੱਕ ਸੂਤਰ ਨੇ ਦੱਸਿਆ, ‘‘ਡਬਲਿਊਐੱਫਆਈ ਨੇ ਚੋਣ ਪੈਮਾਨੇ ਤੈਅ ਕਰਨ ਲਈ 21 ਮਈ ਨੂੰ ਦਿੱਲੀ ’ਚ ਚੋਣ ਕਮੇਟੀ ਦੀ ਮੀਟਿੰਗ ਸੱਦੀ ਹੈ। ਦੋਵਾਂ ਵਰਗਾਂ (ਪੁਰਸ਼ ਫ੍ਰੀ-ਸਟਾਈਲ ਅਤੇ ਮਹਿਲਾ ਕੁਸ਼ਤੀ) ਦੇ ਦੋ ਮੁੱਖ ਕੋਚ ਚਰਚਾ ’ਚ ਸ਼ਾਮਲ ਹੋਣਗੇ।’’ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਡਬਲਿਊਐੱਫਆਈ ਚੋਣ ਕਮੇਟੀ ਟਰਾਇਲ ਕਰਵਾਉਣ ਦਾ ਫ਼ੈਸਲਾ ਕਰਦੀ ਹੈ ਜਾਂ ਫਿਰ ਕੋਟਾ ਜੇਤੂਆਂ ਨੂੰ ਹੀ ਖੇਡਾਂ ’ਚ ਨੁਮਾਇੰਦਗੀ ਕਰਨ ਦੀ ਆਗਿਆ ਦਿੰਦੀ ਹੈ।

Related Post