ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨੇ ਕੋ-ਐਡ ਮਲਟੀਪਰਪਜ਼ ਸਕੂਲ ਵਿੱਚ ਆਊਟਰੀਚ ਪ੍ਰੋਗਰਾਮ ਕਰਵਾਇਆ
- by Jasbeer Singh
- November 13, 2024
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨੇ ਕੋ-ਐਡ ਮਲਟੀਪਰਪਜ਼ ਸਕੂਲ ਵਿੱਚ ਆਊਟਰੀਚ ਪ੍ਰੋਗਰਾਮ ਕਰਵਾਇਆ -ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ ਬਾਰੇ ਦਿੱਤੀ ਸਿਖਲਾਈ ਪਟਿਆਲਾ, 13 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਸਕੂਲਾਂ ਵਿੱਚ ਕਿਸ਼ੋਰ ਮਾਨਸਿਕ ਸਿਹਤ ਅਤੇ ਤੰਦਰੁਸਤੀ ਸੰਬੰਧੀ ਸਹਾਇਤਾ ਲਈ 'ਕਮਿਊਨਿਟੀ ਆਊਟਰੀਚ' ਪ੍ਰੋਗਰਾਮ ਸ਼ੁਰੂ ਕੀਤਾ ਗਿਆ । ਵਿਭਾਗ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਦੱਸਿਆ ਕਿ ਇਸ ਲੜੀ ਤਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੈਕੰਡਰੀ ਸਮਾਰਟ ਸਕੂਲ, ਪਟਿਆਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਥਾਨਕ ਸਕੂਲਾਂ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਾਲੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ । ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਇੱਕ ਅਜਿਹਾ ਸੁਖਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਹੈ ਜਿੱਥੇ ਮਾਨਸਿਕ ਸਿਹਤ ਬਾਰੇ ਖੁੱਲ੍ਹੀ ਗੱਲਬਾਤ ਹੋ ਸਕੇ ਅਤੇ ਇਸ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਹੋ ਸਕੇ । ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਏ. ਡੀ. ਸੀ. ਪਟਿਆਲਾ ਡਾ. ਈਸ਼ਾ ਸਿੰਘਲ ਨੇ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਇਸ ਕਦਮ ਲਈ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਹਿਤ ਲੋੜੀਂਦੇ ਹੁਨਰ ਪ੍ਰਦਾਨ ਕਰਨ ਲਈ ਅਜਿਹਾ ਕਰਨਾ ਬਹੁਤ ਮਹੱਤਵ ਰਖਦਾ ਹੈ । ਪ੍ਰੋਗਰਾਮ ਦੇ ਮੇਜ਼ਬਾਨ ਇਸ ਸਕੂਲ ਪ੍ਰਿੰਸੀਪਲ ਵਿਜੇ ਕਪੂਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਪ੍ਰੋਗਰਾਮ ਦੇ ਮਕਸਦ ਬਾਰੇ ਦੱਸਿਆ ਇਸ ਸੰਬੰਧੀ ਮਨੋਵਿਗਿਆਨ ਵਿਭਾਗ ਪ੍ਰਤੀ ਧੰਨਵਾਦੀ ਭਾਵ ਪ੍ਰਗਟਾਏ । ਯੂਨੀਵਰਸਿਟੀ ਤੋਂ ਯੋਜਨਾ ਅਤੇ ਨਿਰੀਖਣ ਮਾਮਲਿਆਂ ਬਾਰੇ ਡਾਇਰੈਕਟਰ ਪ੍ਰੋ. ਜਸਵਿੰਦਰ ਸਿੰਘ ਬਰਾੜ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ । ਇਸ ਪ੍ਰੋਗਰਾਮ ਵਿੱਚ ਮਨੋਵਿਗਿਆਨ ਵਿਭਾਗ ਦੇ ਫ਼ੈਕਲਟੀ ਮੈਂਬਰਾਂ ਵੱਲੋਂ ਵਿਸ਼ੇ ਨਾਲ਼ ਸੰਬੰਧਤ ਜਾਣਕਾਰੀ ਭਰਪੂਰ ਭਾਸ਼ਣ ਦਿੱਤੇ ਗਏ । ਵਿਭਾਗ ਤੋਂ ਪ੍ਰੋ. ਸੰਗੀਤਾ ਟਰੌਮਾ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਤਾਰੀਕਾ ਸੰਧੂ, ਡਾ. ਸੁਖਮਿੰਦਰ ਕੌਰ ਅਤੇ ਡਾ.ਇੰਦਰਪ੍ਰੀਤ ਸੰਧੂ ਨੇ ਵਿਦਿਆਰਥੀਆਂ ਨੂੰ ਤਣਾਅ ਜਿਹੀਆਂ ਸਥਿਤੀਆਂ ਦੇ ਪ੍ਰਬੰਧਨ ਅਤੇ ਇਸ ਨਾਲ਼ ਨਜਿੱਠਣ ਦੀਆਂ ਰਣਨੀਤੀਆਂ, ਸਿਹਤਮੰਦ ਜੀਵਨ ਸ਼ੈਲੀ, ਟੀਚਾ ਨਿਰਧਾਰਨ, ਅਤੇ ਮਨੋਵਿਗਿਆਨਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਬਾਰੇ ਦੱਸਿਆ ।
Related Post
Popular News
Hot Categories
Subscribe To Our Newsletter
No spam, notifications only about new products, updates.