ਜ਼ਿਲਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਨੂੰ ਚੋਣ ਜਾਬਤੇ ਤੋਂ ਕਰਵਾਇਆ ਜਾਣੂ
- by Jasbeer Singh
- April 29, 2024
ਪਟਿਆਲਾ, 29 ਅਪ੍ਰੈਲ (ਜਸਬੀਰ)-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਰਾਜਨੀਤਿਕ ਪਾਰਟੀਆਂ ਤੇ ਚੋਣ ਲੜਨ ਵਾਲੇ ਸੰਭਾਵੀਂ ਉਮੀਦਵਾਰਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਚੋਣ ਜਾਬਤੇ ਤੋਂ ਜਾਣੂ ਕਰਵਾਇਆ। ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਕਰਦਿਆਂ ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਤੇ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰ ਮਨਜੂਰੀਆਂ ਤੋਂ ਬਗੈਰ ਕਿਸੇ ਵੀ ਤਰ੍ਹਾਂ ਦੀਆਂ ਚੋਣ ਗਤੀਵਿਧੀਆਂ ਨਾ ਕਰਨ ਤੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੈਸਾ, ਸ਼ਰਾਬ, ਨਸ਼ੇ ਜਾਂ ਕਿਸੇ ਹੋਰ ਤਰ੍ਹਾਂ ਦਾ ਲਾਲਚ ਦੇਕੇ ਵੋਟਾਂ ਖਰੀਦਣ ਜਾਂ ਵੋਟਰਾਂ ਨੂੰ ਭਰਮਾ ਕੇ ਜਾਂ ਕਿਸੇ ਤਰ੍ਹਾਂ ਡਰਾ-ਧਮਕਾ ਕੇ ਵੋਟਾਂ ਪੁਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਮੂਹ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰ ਆਪਣੀਆਂ ਰੈਲੀਆਂ, ਰੋਡ ਸ਼ੋਅ, ਜਨਤਕ ਮੀਟਿੰਗਾਂ, ਵਾਹਨਾਂ, ਦਫ਼ਤਰ ਖੋਲ੍ਹਣ ਆਦਿ ਦੀਆਂ ਮਨਜੂਰੀਆਂ ਅਗਾਊਂ ਲੈਣੀਆਂ ਯਕੀਨੀ ਬਣਾਉਣ। ਇਹ ਮਨਜੂਰੀਆਂ ਐਨਕੋਰ ਐਪਲੀਕੇਸ਼ਨ ਰਾਹੀਂ ਪਰਮਿਸ਼ਨਜ ’ਤੇ ਜਾਕੇ ਚੋਣ ਕਮਿਸ਼ਨ ਵੱਲੋਂ ਨਿਸ਼ਚਤ ਸਮੇਂ ਦੇ ਅੰਦਰ-ਅੰਦਰ ਆਨਲਾਈਨ ਅਤੇ ਜੇਕਰ ਸਮਾਂ ਘੱਟ ਹੋਵੇ ਤਾਂ ਇਹ ਏ.ਆਰ.ਓਜ ਦੇ ਦਫ਼ਤਰਾਂ ਵਿੱਚੋਂ ਮੈਨੁਅਲੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਤੇ ਹਲਕਾ ਪੱਧਰ ’ਤੇ ਤਾਇਨਾਤ ਪਰਮਿਸ਼ਨ ਸੈਲ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਜ਼ਿਲਾ ਚੋਣ ਅਫ਼ਸਰ ਨੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ, ਕਿਉਂਕਿ ਚੋਣ ਜਾਬਤੇ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਨਾਮਜਦਗੀ ਦਾਖਲ ਕਰਨ ਲਈ 7 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ 14 ਮਈ ਤੱਕ ਨੌਮੀਨੇਸ਼ਨ ਦਾਖਲ ਕੀਤੀ ਜਾ ਸਕੇਗੀ। ਇਸ ਲਈ ਨੌਮੀਨੇਸ਼ਨ ਸੈੱਟ ਚੋਣ ਦਫ਼ਤਰ ਵੱਲੋਂ ਮੁਹਈਆ ਕਰਵਾਏ ਜਾ ਰਹੇ ਹਨ, ਇਸ ਲਈ ਉਮੀਦਵਾਰ ਲੋੜੀਂਦੀ ਜਾਣਕਾਰੀ ਐਫੀਡੇਵਿਟ 26 ਵਿੱਚ ਲਾਜਮੀ ਭਰਨ ਅਤੇ ਆਪਣੇ ਵਿਰੁੱਧ ਦਰਜ ਕੇਸ ਬਾਰੇ ਜਾਣਕਾਰੀ ਦਾ ਇਸ਼ਤਿਹਾਰ ਚੋਣ ਪ੍ਰਚਾਰ ਦੌਰਾਨ 3 ਵਾਰ ਅਖ਼ਬਾਰ ਤੇ ਟੀ ਵੀ ਚੈਨਲ ’ਤੇ ਪ੍ਰਕਾਸ਼ਤ ਕਰਵਾਉਣਾ ਲਾਜਮੀ ਹੋਵੇਗਾ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਲੜਨ ਲਈ 95 ਲੱਖ ਰੁਪਏ ਖਰਚ ਕਰਨ ਦੀ ਸੀਮਾ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਉਮੀਦਵਾਰ ਰੀਪ੍ਰੀਜੈਂਟੇਸ਼ਨ ਆਫ਼ ਪੀਪਲ ਐਕਟ 1951 ਦੀ ਧਾਰਾ 77 (1) ਅਨੁਸਾਰ ਖ਼ਰਚੇ ਦਾ ਪੂਰਾ ਹਿਸਾਬ ਰੱਖਣਗ ਤੇ ਚੋਣਾਂ ਦੌਰਾਨ ਕੀਤੇ ਖਰਚ ਲਈ ਵੱਖਰਾ ਖਾਤਾ ਖੁਲਵਾਉਣਗੇ। ਇਸ ਤੋਂ ਇਲਾਵਾ ਆਰ.ਪੀ ਐਕਟ ਦੀ ਧਾਰਾ 78 ਅਨੁਸਾਰ ਗਿਣਤੀ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਚੋਣ ਖ਼ਰਚੇ ਦਾ ਹਿਸਾਬ ਜ਼ਿਲਾ ਚੋਣ ਅਫ਼ਸਰ ਪਾਸ ਲਾਜਮੀ ਜਮ੍ਹਾਂ ਕਰਵਾਉਣਾ ਹੋਵੇਗਾ। ਜ਼ਿਲਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਕਿਸੇ ਨਿਜੀ ਵਿਅਕਤੀ ਦੀ ਜਾਇਦਾਦ ਉਪਰ ਕੋਈ ਪੈਂਫਲੇਟ, ਪ੍ਰਚਾਰ ਸਮੱਗਰੀ ਦਾ ਬੈਨਰ ਤੇ ਪੋਸਟਰ ਆਦਿ ਲਗਾਉਣ ਲਈ ਸਬੰਧਤ ਵਿਅਕਤੀ ਦੀ ਸਹਿਮਤੀ ਅਨੈਕਚਰ ਓ ਵਿੱਚ ਭਰਵਾ ਲਈ ਜਾਵੇ ਤੇ ਇਸ ਨੂੰ ਜ਼ਿਲਾ ਚੋਣ ਅਫ਼ਸਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਇਆ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਇਸ ਨੂੰ ਡੀਫੇਸਮੈਂਟ ਆਫ ਪ੍ਰਾਪਰਟੀ ਐਕਟ ਤਹਿਤ ਲੈਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਸਰਕਾਰੀ ਗੱਡੀ ਚੋਣ ਪ੍ਰਚਾਰ ਜਾਂ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਵੱਲੋਂ ਨਾ ਵਰਤੀ ਜਾਵੇ ਅਤੇ ਨਾ ਹੀ ਸਰਕਾਰੀ ਇਮਾਰਤਾਂ ਜਾਂ ਸਰਕਾਰੀ ਮਸ਼ੀਨਰੀ ’ਤੇ ਕੋਈ ਪ੍ਰਚਾਰ ਸਮੱਗਰੀ ਲਗਾਈ ਜਾਵੇ। ਕਿਸੇ ਧਾਰਮਿਕ ਅਸਥਾਨ ’ਤੇ ਚੋਣ ਪ੍ਰਚਾਰ ਨਾ ਕੀਤਾ ਜਾਵੇ ਤੇ ਨਾ ਹੀ ਧਰਮ, ਜਾਤੀ, ਕਿਸੇ ਸੰਪਰਦਾਇ ਆਦਿ ਦੇ ਨਾ ’ਤੇ ਗ਼ਲਤ ਪ੍ਰਚਾਰ ਕੀਤਾ ਜਾਵੇ। ਚੋਣ ਜਾਬਤੇ ਅਤੇ ਸਬੰਧਤ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਪ੍ਰ੍ਰਸ਼ਾਸਨ ਨੂੰ ਸਹਿਯੋਗ ਦੇਣ, ਜ਼ਿਲਾ ਪ੍ਰਸ਼ਾਸਨ ਇਸ ਗੱਲੋਂ ਪੂਰੀ ਤਰ੍ਹਾਂ ਪਾਬੰਦ ਹੈ ਕਿ ਚੋਣਾਂ ਪੂਰੀ ਤਰ੍ਹਾਂ ਨਿਰਪੱਖ, ਸੁਤੰਤਰ ਅਤੇ ਭੈਅ ਮੁਕਤ ਕਰਵਾਈਆਂ ਜਾਣ। ਮੀਟਿੰਗ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਮੌਜੂਦ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.