post

Jasbeer Singh

(Chief Editor)

Patiala News

ਜ਼ਿਲ੍ਹੇ ਦੀਆਂ ਮੰਡੀਆਂ 'ਚ ਨਿਰਵਿਘਨ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਲਈ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਮੰਡੀਆਂ 'ਚ

post-img

ਜ਼ਿਲ੍ਹੇ ਦੀਆਂ ਮੰਡੀਆਂ 'ਚ ਨਿਰਵਿਘਨ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਲਈ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਮੰਡੀਆਂ 'ਚ -ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਡਾ. ਪ੍ਰੀਤੀ ਯਾਦਵ -ਜ਼ਿਲ੍ਹੇ ਦੀਆਂ ਮੰਡੀਆਂ 'ਚ ਲਿਫ਼ਟਿੰਗ ਹੋਈ ਤੇਜ਼ -16 ਪੀ.ਸੀ.ਐਸ ਅਧਿਕਾਰੀਆਂ ਸਮੇਤ 57 ਅਧਿਕਾਰੀ ਮੰਡੀਆਂ 'ਚ ਨਿਰਵਿਘਨ ਖ਼ਰੀਦ ਤੇ ਲਿਫ਼ਟਿੰਗ ਨੂੰ ਬਣਾ ਰਹੇ ਨੇ ਯਕੀਨੀ ਪਟਿਆਲਾ 18 ਅਕਤੂਬਰ : ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਅਤੇ ਲਿਫ਼ਟਿੰਗ ਲਈ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਮੰਡੀਆਂ ਵਿੱਚ ਤਾਇਨਾਤ ਹੈ। ਜ਼ਿਲ੍ਹੇ ਦੇ 16 ਪੀ.ਸੀ.ਐਸ. ਅਧਿਕਾਰੀਆਂ ਸਮੇਤ 57 ਅਧਿਕਾਰੀ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖ਼ਰੀਦ ਤੇ ਲਿਫ਼ਟਿੰਗ ਨੂੰ ਯਕੀਨੀ ਬਣਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜ਼ਿਲ੍ਹੇ ਦੇ ਸਮੂਹ ਐਸਡੀਐਮਜ਼ ਤੋਂ ਇਲਾਵਾ ਜ਼ਿਲ੍ਹੇ ਦੀ ਹਰੇਕ ਮੰਡੀ ਦੀ ਸੁਪਰਵਿਜ਼ਨ ਕਰਨ ਅਤੇ ਲੋੜੀਂਦੇ ਪ੍ਰਬੰਧਾਂ ਲਈ ਹੋਰ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਨਵੀਂ ਅਨਾਜ ਮੰਡੀ ਵਿਖੇ ਏਡੀਸੀ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ, ਦੇਵੀਗੜ੍ਹ ਮੰਡੀ ਵਿੱਚ ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਸਨੌਰ ਮੰਡੀ ਵਿੱਚ ਆਰ.ਟੀ.ਓ ਨਮਨ ਮਾਰਕੰਨ, ਨਾਭਾ ਮੰਡੀ ਵਿਖੇ ਪੀ ਸੀ ਐਸ ਅਧਿਕਾਰੀ ਵੀਓਮ ਭਾਰਦਵਾਜ, ਸਮਾਣਾ ਮੰਡੀ ਵਿਖੇ ਈ.ਓ ਪੁੱਡਾ ਰਿਚਾ ਗੋਇਲ, ਪਾਤੜਾਂ ਮੰਡੀ ਵਿੱਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਜੋਤ ਕੌਰ, ਘਨੌਰ ਮੰਡੀ ਵਿੱਚ ਪੀਸੀਐਸ ਅਧਿਕਾਰੀ ਚਰਨਜੀਤ ਸਿੰਘ, ਦੁੱਧਨਸਾਧਾਂ ਮੰਡੀ ਵਿੱਚ ਏਸੀਏ ਪੁੱਡਾ ਜਸ਼ਨਪ੍ਰੀਤ ਕੌਰ, ਡਕਾਲਾ ਮੰਡੀ ਵਿੱਚ ਪੀਸੀਐਸ ਅਧਿਕਾਰੀ ਨਵਦੀਪ ਕੁਮਾਰ ਅਤੇ ਭਾਦਸੋਂ ਮੰਡੀ ਵਿੱਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਬਬਨਦੀਪ ਸਿੰਘ ਮੰਡੀ ਦੇ ਸਮੁੱਚੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੰਡੀ ਵਿੱਚ ਜ਼ਿਲ੍ਹੇ ਦੇ ਸਾਰੇ ਤਹਿਸੀਲਦਾਰ, ਬੀ.ਡੀ.ਪੀ.ਓਜ, ਕਾਰਜ ਸਾਧਕ ਅਫ਼ਸਰ, ਸੀਡੀਪੀਓਜ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਝੋਨੇ ਦੀ ਖ਼ਰੀਦ ਨਿਰਵਿਘਨ ਢੰਗ ਨਾਲ ਕਰਵਾਈ ਜਾ ਸਕੇ । ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੱਕ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 257875 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 229374 ਮੀਟਰਿਕ ਟਨ ਝੋਨੇ ਦੀ ਖ਼ਰੀਦ ਵੀ ਕਰ ਲਈ ਗਈ ਹੈ । ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿੱਚ ਤਾਇਨਾਤ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਬੀਤੇ ਦਿਨ ਸੜਕਾਂ ’ਤੇ ਜਾਮ ਲੱਗੇ ਹੋਣ ਕਾਰਨ ਲਿਫ਼ਟਿੰਗ ਦੀ ਰਫ਼ਤਾਰ ਕੁਝ ਮੱਠੀ ਰਹੀ ਸੀ, ਉਹ ਵੀ ਅੱਜ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ ਅਤੇ ਆਉਂਦੇ ਦਿਨਾਂ ਅੰਦਰ ਜਿਵੇਂ ਜਿਵੇਂ ਮੰਡੀਆਂ ਵਿੱਚ ਝੋਨੇ ਦੀ ਆਮਦ ਹੋਵੇਗੀ ਉਸੇ ਤੇਜ਼ੀ ਨਾਲ ਲਿਫ਼ਟਿੰਗ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੰਡੀ ਵਿੱਚ ਆਈ ਜਿਣਸ ਦੀ ਨਾਲੋਂ ਨਾਲ ਖ਼ਰੀਦ ਲਈ ਇਹ ਜ਼ਰੂਰੀ ਹੈ ਕਿ ਝੋਨਾ ਵਿੱਚ ਨਮੀ ਦੀ ਮਾਤਰਾ ਸਹੀ ਹੋਵੇ, ਇਸ ਲਈ ਕਿਸਾਨ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿੱਚ ਬੈਠਣਾ ਨਾ ਪਵੇ ।

Related Post