
ਵਣ ਰੇਂਜ ਅਫ਼ਸਰ ਵੱਲੋਂ ਪਿੰਡ ਬਡਰੁੱਖਾਂ ਨੇੜੇ ਤੇਂਦੂਆ ਹੋਣ ਦੀਆਂ ਅਫ਼ਵਾਹਾਂ ਦਾ ਖੰਡਨ
- by Jasbeer Singh
- September 12, 2024

ਵਣ ਰੇਂਜ ਅਫ਼ਸਰ ਵੱਲੋਂ ਪਿੰਡ ਬਡਰੁੱਖਾਂ ਨੇੜੇ ਤੇਂਦੂਆ ਹੋਣ ਦੀਆਂ ਅਫ਼ਵਾਹਾਂ ਦਾ ਖੰਡਨ ਬਡਰੁੱਖਾਂ/ਸੰਗਰੂਰ, 12 ਸਤੰਬਰ : ਵਣ ਰੇਂਜ ਅਫਸਰ ਸੰਗਰੂਰ ਸੁਖਬੀਰ ਸਿੰਘ ਨੇ ਪਿਛਲੇ ਦਿਨੀਂ ਨੇੜਲੇ ਪਿੰਡ ਬਡਰੁੱਖਾਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਤੇਂਦੂਆ ਆਉਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਸਿਰੇ ਤੋਂ ਖੰਡਨ ਕੀਤਾ ਹੈ। ਵਣ ਰੇਂਜ ਅਫਸਰ ਸੰਗਰੂਰ ਨੇ ਕਿਹਾ ਹੈ ਕਿ ਤੇਂਦੂਆ ਆਉਣ ਦੀਆਂ ਗੱਲਾਂ ਬਿਲਕੁਲ ਨਿਰਆਧਾਰ ਹਨ ਅਤੇ ਬਿਨਾਂ ਵਜ੍ਹਾ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਬੇਚੈਨੀ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ । ਵਣ ਰੇਂਜ ਅਫਸਰ ਸੰਗਰੂਰ ਨੇ ਕਿਹਾ ਕਿ ਅੱਜ ਜਿਵੇਂ ਹੀ ਪਿੰਡ ਬਡਰੁੱਖਾਂ ਵਿੱਚ ਤੇਂਦੂਆ ਹੋਣ ਸਬੰਧੀ ਸ਼ਿਕਾਇਤ ਮਿਲੀ ਤਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਪੜਤਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਤੇਂਦੂਏ ਸੰਬੰਧੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਸਿਰਫ ਅਫ਼ਵਾਹ ਹੀ ਫੈਲਾਈ ਗਈ ਸੀ । ਵਣ ਰੇਂਜ ਅਫ਼ਸਰ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਬੰਧਤ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।