
ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੀ ਕਾਰਜਸ਼ੈਲੀ ਲਗਾਤਾਰ ਹੋ ਰਹੀ ਹੈ ਬਿਹਤਰ: ਕੰਟਰੋਲਰ ਪ੍ਰੀਖਿਆਵਾਂ
- by Jasbeer Singh
- October 1, 2024

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੀ ਕਾਰਜਸ਼ੈਲੀ ਲਗਾਤਾਰ ਹੋ ਰਹੀ ਹੈ ਬਿਹਤਰ: ਕੰਟਰੋਲਰ ਪ੍ਰੀਖਿਆਵਾਂ -ਭਵਿੱਖ ਵਿੱਚ ਵਿਦਿਆਰਥੀਆਂ ਲਈ ਪੁੱਛ-ਗਿੱਛ ਦੀ ਸਹੂਲਤ ਨੂੰ ਆਨਲਾਈਨ ਕਰਨ ਦੇ ਵੀ ਕੀਤੇ ਜਾ ਰਹੇ ਹਨ ਯਤਨ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਲਗਾਤਾਰ ਆਪਣੀ ਕਾਰਜ-ਕੁਸ਼ਲਤਾ ਨੂੰ ਬਿਹਤਰ ਬਣਾਉਣ ਵੱਲ ਵਧ ਰਹੀ ਹੈ। ਕੰਟਰੋਲਰ ਪ੍ਰੀਖਿਆਵਾਂ ਡਾ. ਨੀਰਜ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ, ਆਈ. ਏ. ਐੱਸ. ਦੀ ਅਗਵਾਈ ਵਿੱਚ ਸ਼ਾਖਾ ਦੀ ਟੀਮ ਵੱਲੋਂ ਨਿਰੰਤਰ ਆਪਣੀ ਕਾਰਜਸ਼ੈਲੀ ਨੂੰ ਬਿਹਤਰ ਬਣਾਉਣ ਲਈ ਕਦਮ ਉਠਾਏ ਜਾ ਰਹੇ ਹਨ। ਪ੍ਰੀਖਿਆ ਕੇਂਦਰ ਤੱਕ ਪ੍ਰਸ਼ਨ-ਪੱਤਰ ਪਹੁੰਚਾਉਣ ਅਤੇ ਉੱਥੋਂ ਉੱਤਰ-ਪੱਤਰੀਆਂ ਚੁੱਕਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਹਾਲ ਹੀ ਵਿੱਚ ਖਰੀਦੀਆਂ ਦੋ ਨਵੀਂਆਂ ਗੱਡੀਆਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਅਰਸੇ ਦੌਰਾਨ ਨਤੀਜਿਆਂ ਵਿੱਚ ਹੁੰਦੀ ਦੇਰੀ ਕਾਰਨ ਪ੍ਰੀਖਿਆ ਸ਼ਾਖਾ ਨੂੰ ਅਕਸਰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਦਿਸ਼ਾ ਵਿੱਚ ਬਿਹਤਰੀ ਲਈ ਹਰ ਪੱਖ ਤੋਂ ਸੁਧਾਰ ਕੀਤੇ ਜਾ ਰਹੇ ਹਨ। ਜਿੱਥੇ ਰੋਜ਼ਾਨਾ ਦੇ ਕੰਮ ਕਾਜ ਨੂੰ ਮੁਕੰਮਲ ਤੌਰ ਉੱਤੇ ਆਟੋਮੇਸ਼ਨ ਮੋਡ ਉੱਤੇ ਲੈ ਆਉਣ ਲਈ ਲਗਾਤਾਰ ਯਤਨ ਜਾਰੀ ਹਨ ਉੱਥੇ ਹੀ ਗੱਡੀਆਂ ਦੀ ਖਰੀਦ ਜਿਹੇ ਹੋਰ ਵੱਖ-ਵੱਖ ਪੱਖਾਂ ਨੂੰ ਵੀ ਬਿਹਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਨਾਲ਼ ਸੰਬੰਧਤ ਬੈਕਲੌਗ ਨਤੀਜਿਆਂ ਦੀ ਗਿਣਤੀ ਨੂੰ ਬਹੁਤ ਹੱਦ ਤੱਕ ਘਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪ੍ਰੀਖਿਆ ਸ਼ਾਖਾ ਦੇ ਕੰਮ ਕਾਜ ਨੂੰ ਕਾਗਜ਼ ਰਹਿਤ ਬਣਾਉਣ ਬਾਬਤ ਪਿਛਲੀ ਟੀਮ ਵੱਲੋਂ ਜੋ ਕਦਮ ਉਠਾਏ ਗਏ ਸਨ ਉਨ੍ਹਾਂ ਨੂੰ ਸ਼ਿੱਦਤ ਨਾਲ਼ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੀ ਬਦੌਲਤ ਹੁਣ ਪ੍ਰਸ਼ਨ-ਪੱਤਰਾਂ ਦੀ ਸੈਟਿੰਗ ਲਈ ਇਸ ਕਾਗਜ਼ ਰਹਿਤ ਵਿਧੀ ਨੂੰ ਹੀ ਅਪਣਾਇਆ ਜਾਂਦਾ ਹੈ। ਪੁਨਰ-ਮੁਲਾਂਕਣ ਦੇ ਨਤੀਜੇ ਵੀ ਆਨਲਾਈਨ ਉਪਲਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਪੁੱਛ-ਗਿੱਛ (ਕੁਐਰੀ) ਲਈ ਆਨਲਾਈਨ ਵਿਧੀ ਦੀ ਸਹੂਲਤ ਮੁਹੱਈਆ ਕਰਵਾਏ ਜਾਣ ਸੰਬੰਧੀ ਪ੍ਰਾਜੈਕਟ ਉੱਤੇ ਵੀ ਕੰਮ ਚੱਲ ਰਿਹਾ ਹੈ। ਅਜਿਹਾ ਹੋਣ ਨਾਲ਼ ਵਿਦਿਆਰਥੀ ਬਿਨਾ ਕੈਂਪਸ ਆਏ ਘਰ ਬੈਠੇ ਹੀ ਆਪਣੇ ਮਸਲਿਆਂ ਸੰਬੰਧੀ ਪੁੱਛਗਿੱਛ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਵੀ ਲੋੜੀਂਦੇ ਕਦਮ ਉਠਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਾਖਾ ਅੰਦਰ ਲੋੜ ਅਨੁਸਾਰ ਵੱਖ-ਵੱਖ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਸੰਬੰਧੀ ਵੀ ਹੋਰ ਬਿਹਤਰੀ ਸਹਿਤ ਫ਼ੈਸਲੇ ਲਾਗੂ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਜਾਂ ਅਣਗਹਿਲੀ ਦੀ ਗੁੰਜਾਇਸ਼ ਨਾ ਰਹੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਤਕਰੀਬਨ 2,25,000 ਵਿਦਿਆਰਥੀਆਂ ਦੇ ਪ੍ਰੀਖਿਆ ਸੰਬੰਧੀ ਮਾਮਲਿਆਂ ਨਾਲ਼ ਨਜਿੱਠਦੀ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਕੈਂਪਸ ਵਿਚਲੇ ਵਿਭਾਗਾਂ ਤੋਂ ਲੈ ਕੇ ਰਿਜਨਲ ਸੈਂਟਰਾਂ, ਨੇਬਰਹੁੱਡ ਕੈਂਪਸਾਂ, ਕਾਂਸਟੀਚੁਐਂਟ ਕਾਲਜਾਂ, ਮਾਨਤਾ ਪ੍ਰਾਪਤ ਕਾਲਜਾਂ, ਪ੍ਰਾਈਵੇਟ ਅਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀ ਸ਼ਾਮਿਲ ਹੁੰਦੇ ਹਨ। ਸਮੇਂ ਸਿਰ ਨਤੀਜਿਆਂ ਦੇ ਐਲਾਨ ਅਤੇ ਸ਼ਾਖਾ ਨਾਲ਼ ਸੰਬੰਧਤ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਕਦਮ ਉਠਾਏ ਜਾ ਰਹੇ ਹਨ ਜਿਸ ਸੰਬੰਧੀ ਭਵਿੱਖ ਵਿੱਚ ਚੰਗੇ ਨਤੀਜੇ ਆਉਣ ਦੀ ਉਮੀਦ ਹੈ।