

ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ -ਠੰਢ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦਾ ਰੱਖਿਆ ਜਾਵੇ ਖ਼ਾਸ ਧਿਆਨ ਪਟਿਆਲਾ, 9 ਦਸੰਬਰ : ਸਰਦੀ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਮੌਸਮ ਵਿੱਚ ਬਜ਼ੁਰਗ ਅਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਤੇ ਉਨ੍ਹਾਂ ਨੂੰ ਸਰਦੀ ਲੱਗਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ, ਇਸ ਲਈ ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਨੂੰ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨੁਮੋਨੀਆਂ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ, ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖ਼ਾਸ ਧਿਆਨ ਦਿੰਦੇ ਹੋਏ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆਂ ਜਾਣ । ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅਧੀਨ ਆਉਂਦੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਠੰਢ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਲੋੜੀਂਦੇ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ । ਉਹਨਾਂ ਕਿਹਾ ਕਿ ਸਰਦੀ ਲੱਗਣ ਨਾਲ ਆਮ ਤੋਰ ’ਤੇ ਫਲੂ ਹੋ ਜਾਂਦਾ ਹੈ। ਠੰਢ ਵਿਚ ਕੰਬਣੀ ਆਉਣ ਨੂੰ ਵੀ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਕਿਉਂਕਿ ਇਹ ਪਹਿਲਾ ਸੰਕੇਤ ਹੈ ਕਿ ਤੁਹਾਡਾ ਸਰੀਰ ਗਰਮੀ ਗਵਾ ਰਿਹਾ ਹੈ । ਅਜਿਹੀ ਹਾਲਤ ਵਿੱਚ ਸ਼ਰਾਬ ਦਾ ਸੇਵਨ ਹਾਈਪੋਥਰਮੀਆ (ਸਰੀਰ ਦੇ ਤਾਪਮਾਨ ਵਿੱਚ ਗਿਰਾਵਟ) ਕਾਰਨ ਮੌਤ ਦੇ ਜੋਖ਼ਮ ਨੂੰ ਹੋਰ ਵਧਾ ਦਿੰਦਾ ਹੈ । ਲੰਮਾ ਸਮਾਂ ਜ਼ੁਕਾਮ ਰਹਿਣ ਕਾਰਨ ਜਾਂ ਠੰਢ ਕਾਰਨ ਹੱਥਾਂ/ਪੈਰਾਂ ਦੀਆਂ ਉਂਗਲਾਂ, ਨੱਕ ਜਾਂ ਕੰਨਾਂ ਦੇ ਬਾਹਰਲੇ ਪਾਸੇ ਕਾਲੇ ਛਾਲੇ ਹੋ ਸਕਦੇ ਹਨ । ਅਜਿਹੇ ਹਾਲਤਾਂ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਦਮਾ ਅਤੇ ਸਾਹ ਦੀ ਬਿਮਾਰੀ ਦੇ ਮਰੀਜ਼ ਬਹੁਤੀ ਜ਼ਿਆਦਾ ਠੰਢ ਹੋਣ ਤੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਖ਼ੁਰਾਕ ਵਿੱਚ ਵੀ ਗਰਮ ਚੀਜ਼ਾਂ ਜਿਵੇਂ ਸੂਪ, ਚਾਹ, ਕਾਫ਼ੀ, ਸੰਤੁਲਿਤ ਖ਼ੁਰਾਕ ਦਾ ਸੇਵਨ ਕਰਨ। ਇਸ ਮੌਸਮ ਵਿੱਚ ਗਰਮ ਕੱਪੜੇ ਦੋ ਜਾਂ ਤਿੰਨ ਪਰਤਾਂ ਵਿੱਚ ਪਾਏ ਜਾਣ ਤਾਂ ਜੋ ਸਰੀਰ ਦਾ ਤਾਪਮਾਨ ਨਾਰਮਲ ਬਣਿਆ ਰਹੇ । ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ ਥੋੜ੍ਹੇ ਸਮੇਂ ਜਾ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਨਗੁਨਾ ਪਾਣੀ ਪੀਤਾ ਜਾਵੇ, ਸੰਤੁਲਿਤ ਖ਼ੁਰਾਕ ਦਾ ਸੇਵਨ ਕੀਤਾ ਜਾਵੇ । ਉਹਨਾਂ ਕਿਹਾ ਕਿ ਸੰਘਣੀ ਧੁੰਦ ਕਾਰਨ ਯਾਤਾਯਾਤ ਦੌਰਾਨ ਦੁਰਘਟਨਾਵਾਂ ਤੋਂ ਬਚਾਅ ਲਈ ਬੇਲੋੜੀ ਯਾਤਰਾ ਨੂੰ ਟਾਲਿਆ ਜਾਵੇ ।
Related Post
Popular News
Hot Categories
Subscribe To Our Newsletter
No spam, notifications only about new products, updates.