ਇਥੇ ਚਾਕਲੇਟ ਖਾਣ ਨਾਲ ਦੋ ਲੜਕੀਆਂ ਦੀ ਸਿਹਤ ਵਿਗੜ ਗਈ ਜਿਨ੍ਹਾਂ ਵਿੱਚੋਂ ਡੇਢ ਸਾਲਾ ਬੱਚੀ ਨੂੰ ਡੀਐੱਮਸੀ ’ਚ ਦਾਖ਼ਲ ਕਰਵਾਉਣਾ ਪਿਆ। ਪਿਛਲੇ ਦਿਨੀਂ ਵੀ ਇੱਥੇ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਤਾਜ਼ਾ ਮਾਮਲੇ ’ਚ ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਇਥੋਂ ਦੇ ਇੱਕ ਜਨਰਲ ਸਟੋਰ ਤੋਂ ਸੱਤ ਸੈਂਪਲ ਭਰ ਕੇ ਮਿਆਦ ਪੁੁੱਗੇ ਦੋ ਦਰਜਨ ਤੋਂ ਵੱਧ ਖਾਧ ਪਦਾਰਥ ਜ਼ਬਤ ਕੀਤੇ ਹਨ।ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇੱਕ ਪਰਿਵਾਰ ਨੇ ਪਟਿਆਲਾ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਸ਼ਹਿਰ ’ਚੋਂ ਖ਼ਰੀਦੇ ਚਾਕਲੇਟ ਖਾਣ ਨਾਲ ਉਨ੍ਹਾਂ ਦੀਆਂ ਦੋ ਲੜਕੀਆਂ (ਇੱਕ ਦੀ ਉਮਰ 22 ਸਾਲ ਤੇ ਦੂਜੀ ਦੀ ਡੇਢ ਸਾਲ) ਬਿਮਾਰ ਹੋ ਗਈਆਂ ਹਨ। ਸਿਹਤ ਵਿਭਾਗ ਨੇ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਜਨਰਲ ਸਟੋਰ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦਾ ਇੱਕ ਪਰਿਵਾਰ ਪਟਿਆਲਾ ’ਚ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਆਇਆ ਸੀ। ਵਾਪਸੀ ’ਤੇ ਬੱਚਿਆਂ ਨੂੰ ਰਿਟਰਨ ਗਿਫਟ ਵਜੋਂ ਚਾਕਲੇਟ ਦਿੱਤੇ ਗਏ ਜਿਨ੍ਹਾਂ ਨੂੰ ਖਾਣ ਨਾਲ ਦੋਵੇਂ ਬੱਚੀਆਂ ਬਿਮਾਰ ਹੋ ਗਈਆਂ।ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੇ 14 ਅਪਰੈਲ ਨੂੰ ‘ਨਰਾਇਣ ਜਨਰਲ ਸਟੋਰ’ ਤੋਂ ਚਾਕਲੇਟ, ਜੂਸ ਅਤੇ ਸਨੈਕਸ ਵਾਲਾ ਗਿਫ਼ਟ ਪੈਕ ਖ਼ਰੀਦਿਆ ਸੀ ਤੇ ਗਿਫ਼ਟ ਪੈਕ ਵਿਚਲੀਆਂ ਵਸਤਾਂ ਦੀ ਮਿਆਦ ਪੁੱਗ ਚੁੱਕੀ ਹੋਣ ਕਾਰਨ ਪਰਿਵਾਰ ਦੇ ਬੱਚਿਆਂ ਨੂੰ ਸਿਹਤ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਵਿਜੈ ਕੁਮਾਰ ਜਿੰਦਲ ਅਤੇ ਫੂਡ ਸੇਫ਼ਟੀ ਅਫ਼ਸਰ ਜਸਵਿੰਦਰ ਸਿੰਘ ਦੀ ਟੀਮ ਵੱਲੋਂ ਉਕਤ ਸਟੋਰ ’ਤੇ ’ਚੋਂ ਖਾਣ ਵਾਲੀਆਂ ਵਸਤਾਂ ਦੇ ਸੱਤ ਸੈਂਪਲ ਲਏ ਗਏ, ਜਦੋਂਕਿ ਮਿਆਦ ਪੁੱਗ ਚੁੱਕੀਆਂ ਖਾਣ ਪੀਣ ਵਾਲੀਆਂ 27 ਵਸਤੂਆਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸੈਂਪਲ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਦੇ ਆਧਾਰ ’ਤੇ ਹੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

