

ਫ਼ਤਿਹਗੜ੍ਹ ਸਾਹਿਬ : ਬੀਤੇ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਸ ਵਿਚ ਕੁਝ ਲੋਕਾਂ ਵੱਲੋਂ ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਰੋਕ ਕੇ ਉਸ ਨਾਲ ਬਹਿਸਬਾਜ਼ੀ ਕੀਤੀ ਜਾ ਰਹੀ ਸੀ। ਇਨ੍ਹਾਂ ਲੋਕਾਂ ਵੱਲੋਂ ਪੁਲਸ ਮੁਲਾਜ਼ਮ ਦੇ ਬੁਲਟ ਦੀ ਚਾਬੀ ਕੱਢ ਲਈ ਗਈ ਤੇ ਉਸ ਨਾਲ ਧੱਕਾਮੁੱਕੀ ਵੀ ਕੀਤੀ ਗਈ। ਦੂਜੇ ਮੁਲਾਜ਼ਮ ਨੇ ਆ ਕੇ ਮਾਮਲਾ ਸ਼ਾਂਤ ਕਰਵਾਇਆ ਸੀ। ਹੁਣ ਪੁਲਸ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ FIR ਦਰਜ ਕਰ ਕੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਕਤ ਪੁਲਸ ਮੁਲਾਜ਼ਮ ਇਸ ਘਟਨਾ ਦੀ ਸ਼ਿਕਾਇਤ ਮੰਡੀ ਗੋਬਿੰਦਗੜ੍ਹ ਥਾਣੇ ਵਿਚ ਦਿੱਤੀ ਗਈ। ਇਸ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਮੁਲਾਜ਼ਮ ਨਾਲ ਧੱਕਾਮੁੱਕੀ, ਬਦਸਲੂਕੀ ਕਰਨ ਦੇ ਨਾਲ-ਨਾਲ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ਵਿਚ 1 ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਅਣਪਛਾਤਿਆਂ ਦੀ ਭਾਲ ਕੀਤੀ ਜਾ ਰਹੀ ਹੈ।