
ਧੂਰੀ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਚਿਰੋਕਣੀ ਮੰਗ ਜਲਦ ਹੋਵੇਗੀ ਪੂਰੀ
- by Jasbeer Singh
- June 19, 2025

ਧੂਰੀ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਚਿਰੋਕਣੀ ਮੰਗ ਜਲਦ ਹੋਵੇਗੀ ਪੂਰੀ - ਸ਼ਹਿਰ ਵਿੱਚ ਨਵੀਂ ਵਾਟਰ ਸਪਲਾਈ ਪਾਇਪ ਲਾਇਨ ਪਾਉਣ ਦੇ ਨਾਲ ਨਾਲ 3 ਨਵੇਂ ਟਿਊਬਵੈਲ ਲੱਗਣਗੇ - 18 ਕਿਲੋ ਮੀਟਰ ਲੰਮੀ ਪਾਈਪ ਲਾਈਨ ਜ਼ਰੀਏ 3145 ਘਰਾਂ ਨੂੰ ਨਵੇਂ ਪਾਣੀ ਕੁਨੈਕਸ਼ਨ ਜਾਰੀ ਕੀਤੇ ਜਾਣਗੇ - 6 ਕਰੋੜ 73 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਚੇਅਰਮੈਨ ਢਿੱਲੋਂ ਅਤੇ ਚੇਅਰਮੈਨ ਘੁੱਲੀ ਵੱਲੋਂ ਸ਼ੁਰੂਆਤ ਧੂਰੀ, 19 ਜੂਨ : ਪੰਜਾਬ ਸਰਕਾਰ ਨੇ ਧੂਰੀ ਸ਼ਹਿਰ ਨਿਵਾਸੀਆਂ ਦੀ ਵਾਟਰ ਸਪਲਾਈ ਪਾਇਪ ਲਾਇਨ ਪਾਉਣ ਅਤੇ 03 ਨਵੇਂ ਟਿਊਬਵੈਲ ਲਗਾਉਣ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ 6 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਕਰਵਾ ਦਿੱਤਾ ਹੈ । ਇਸ ਪ੍ਰੋਜੈਕਟ ਅਧੀਨ ਸ਼ਹਿਰ ਦੇ ਜਿਆਦਾਤਰ ਬਾਹਰੀ ਖੇਤਰ ਅਤੇ ਕੁੱਝ ਅੰਦਰਲੇ ਵਾਰਡਾਂ ਵਿੱਚ ਲਗਭਗ 18 ਕਿਲੋਮੀਟਰ ਵਾਟਰ ਸਪਲਾਈ ਪਾਇਪ ਲਾਇਨ ਪਾਈ ਜਾਵੇਗੀ ਅਤੇ ਸ਼ਹਿਰ ਅੰਦਰ ਵੱਖ ਵੱਖ ਜਗ੍ਹਾ 3 ਨਵੇਂ ਟਿਊਬਵੈਲ ਲਗਾਏ ਜਾਣਗੇ। ਇਸ ਨਾਲ ਸ਼ਹਿਰ ਨਿਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਵੇਗੀ । ਇਸ ਕੰਮ ਦੀ ਸ਼ੁਰੂਆਤ ਅੱਜ ਸ: ਦਲਵੀਰ ਸਿੰਘ ਢਿਲੋਂ (ਇੰਚਾਰਜ ਸੀ.ਐਮ. ਕੈਂਪ ਆਫਸ,ਧੂਰੀ ਅਤੇ ਚੇਅਰਮੈਨ ਪੀ. ਐਸ. ਆਈ. ਈ. ਸੀ.) ਅਤੇ ਸ: ਰਾਜਵੰਤ ਸਿੰਘ ਘੁੱਲੀ (ਇੰਚਾਰਜ ਸੀ.ਐਮ. ਕੈਂਪ ਆਫਿਸ ਧੂਰੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਧੂਰੀ) ਨੇ ਕਰਵਾਈ। ਇਹ ਪ੍ਰੋਜੈਕਟ ਅਗਲੇ ਇੱਕ ਸਾਲ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ । ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੋਵੇਂ ਆਗੂਆਂ ਨੇ ਕਿਹਾ ਕਿ ਇਸ ਪਾਈਪ ਲਾਈਨ ਦੇ ਚਾਲੂ ਹੋਣ ਨਾਲ 3145 ਘਰਾਂ ਨੂੰ ਨਵੇਂ ਪਾਣੀ ਕੁਨੈਕਸ਼ਨ ਜਾਰੀ ਕੀਤੇ ਜਾਣਗੇ, ਜਿਸ ਨਾਲ ਤਕਰੀਬਨ ਸਾਰੇ ਸ਼ਹਿਰ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲਣ ਲੱਗੇਗਾ । ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਵਿੱਚ ਵਿਕਾਸ ਕਾਰਜ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪੂਰੇ ਹਲਕੇ ਵਿੱਚ ਵੱਖ ਵੱਖ ਵਿਭਾਗਾ ਰਾਂਹੀ ਬਹੁਤ ਤੇਜ਼ੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ । ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।ਜਿਸ ਨਾਲ ਬਿਲਕੁਲ ਹਲਕੇ ਦੀ ਨੁਹਾਰ ਬਦਲ ਜਾਵੇਗੀ । ਵਿਕਾਸ ਕਾਰਜਾਂ ਵਿੱਚ ਲੋਕ ਵੀ ਸਰਕਾਰ ਦਾ ਬਹੁਤ ਸਾਥ ਦੇ ਰਹੇ ਹਨ । ਸਰਕਾਰ ਵੱਲੋ ਸਰਕਾਰੀ ਸਕੂਲਾ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਵਿੱਚ ਵੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੀ ਬਹੁਤ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਮੁਹਿੰਮ ਤਹਿਤ ਪਿੰਡ ਪਿੰਡ ਜਾ ਕੇ ਪ੍ਰੋਗਰਾਮਾਂ/ਕੈਪਾਂ ਰਾਂਹੀ ਲੋਕਾਂ ਨੂੰ ਜਾਗ੍ਰਿਤ ਕੀਤਾ ਜਾ ਰਿਹਾ ਹੈ । ਸਰਕਾਰ ਹਰ ਇੱਕ ਪਹਿਲੂ ਤੇ ਬਹੁਤ ਬਾਰੀਕੀ ਅਤੇ ਕਾਮਯਾਬੀ ਨਾਲ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਹਲਕੇ ਦੇ ਜਿਆਦਾਤਰ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਚੁਕਿਆ ਹੈ ਅਤੇ ਬਾਕੀ ਪਿੰਡਾਂ ਵਿੱਚ ਵੀ ਜਲਦੀ ਹੀ ਨਹਿਰੀ ਪਾਣੀ ਲਈ ਪਾਇਪ ਲਾਇਨ ਪਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ,ਬਲਾਕ ਪ੍ਰਧਾਨ, ਪ੍ਰਧਾਨ ਮਿਊਸਪਲ ਕਮੇਟੀ ਧੂਰੀ, ਐਮ. ਸੀ. ਸਹਿਬਾਨ, ਵਲੰਟੀਅਰ ਅਤੇ ਹੋਰ ਸਥਾਨਕ ਸ਼ਖਸੀਅਤਾ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।