
ਪੰਜਾਬੀ ਯੂਨੀਵਰਸਿਟੀ ਦੇ ਈ. ਐੱਮ. ਆਰ. ਸੀ. ਵੱਲੋਂ ਤਿਆਰ 'ਮੂਕਸ' ਪ੍ਰੋਗਰਾਮ ਨੂੰ 'ਐਜੂਕੇਸ਼ਨਲ ਫਿਲਮ ਫ਼ੈਸਟੀਵਲ' ਵਿੱਚ ਮਿ
- by Jasbeer Singh
- March 1, 2025

ਪੰਜਾਬੀ ਯੂਨੀਵਰਸਿਟੀ ਦੇ ਈ. ਐੱਮ. ਆਰ. ਸੀ. ਵੱਲੋਂ ਤਿਆਰ 'ਮੂਕਸ' ਪ੍ਰੋਗਰਾਮ ਨੂੰ 'ਐਜੂਕੇਸ਼ਨਲ ਫਿਲਮ ਫ਼ੈਸਟੀਵਲ' ਵਿੱਚ ਮਿਲੇਗਾ ਸਰਵੋਤਮ 'ਮੂਕਸ' ਪੁਰਸਕਾਰ -ਇਸ ਪ੍ਰੋਗਰਾਮ ਦੇ ਨਿਰਮਾਤਾ ਹਨ ਇਸ ਕੇਂਦਰ ਦੇ ਪ੍ਰੋਡਿਊਸਰ ਡਾ. ਤੇਜਿੰਦਰ ਸਿੰਘ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ.ਆਰ. ਸੀ.) ਪਟਿਆਲਾ ਵੱਲੋਂ ਤਿਆਰ ਕੀਤੇ ਗਏ ਇੱਕ 'ਮੂਕਸ' ਪ੍ਰੋਗਰਾਮ ਨੂੰ '26ਵੇਂ ਸੀ. ਈ. ਸੀ.-ਯੂ. ਜੀ. ਸੀ. ਐਜੂਕੇਸ਼ਨਲ ਫਿਲਮ ਫ਼ੈਸਟੀਵਲ' ਵਿੱਚ ਸਰਵੋਤਮ 'ਮੂਕਸ' ਪੁਰਸਕਾਰ ਲਈ ਚੁਣਿਆ ਗਿਆ ਹੈ । ਸਬੰਧਤ ਫ਼ੈਸਟੀਵਲ ਦੀ ਜਿਊਰੀ ਨੇ 27 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਕੀਤਾ ਹੈ ਜਿਸ ਉਪਰੰਤ ਕੰਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀ. ਈ. ਸੀ), ਨਵੀਂ ਦਿੱਲੀ ਦੇ ਸੰਯੁਕਤ ਨਿਰਦੇਸ਼ਕ ਡਾ. ਸੁਨੀਲ ਮਹਿਰੂ ਵੱਲੋਂ ਈਮੇਲ ਰਾਹੀਂ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਅਧਿਕਾਰਤ ਸੂਚਨਾ ਭੇਜੀ ਗਈ ਹੈ । ਡਾਇਰੈਕਟਰ ਦਲਜੀਤ ਅਮੀ ਨੇ ਈ. ਐੱਮ. ਆਰ. ਸੀ., ਪਟਿਆਲਾ ਵਿਖੇ ਤਿਆਰ ਹੋਏ ਇਸ 'ਮੂਕਸ' ਪ੍ਰੋਗਰਾਮ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਮੂਕਸ ਸਵੈਯਮ ਪਲੇਟਫਾਰਮ ਲਈ ਤਿਆਰ ਕੀਤੇ ਗਏ 'ਐਨਵਾਇਰਨਮੈਂਟ ਪੋਲਿਸੀ ਐਂਡ ਐਡਮਨਿਸਟ੍ਰੇਸ਼ਨ' ਨਾਮਕ ਇੱਕ ਵੱਡੇ ਕੋਰਸ ਦਾ ਹਿੱਸਾ ਹੈ। ਉਨ੍ਹਾਂ ਇਸ ਪ੍ਰੋਗਰਾਮ ਦੇ ਨਿਰਮਾਤਾ ਡਾ. ਤੇਜਿੰਦਰ ਸਿੰਘ, ਜੋ ਕਿ ਇਸ ਕੇਂਦਰ ਵਿਖੇ ਪ੍ਰੋਡਿਊਸਰ ਵਜੋਂ ਤਾਇਨਾਤ ਹਨ, ਨੂੰ ਇਸ ਵੱਕਾਰੀ ਪੁਰਸਕਾਰ ਦੀ ਪ੍ਰਾਪਤੀ ਲਈ ਵਧਾਈ ਦਿੱਤੀ । ਇਸ ਮੂਕਸ' ਪ੍ਰੋਗਰਾਮ ਦੇ ਨਿਰਮਾਣ ਨਾਲ਼ ਜੁੜੀ ਸਮੁੱਚੀ ਪ੍ਰੋਡਕਸ਼ਨ ਟੀਮ ਅਤੇ ਵਿਸ਼ਾ ਵਸਤੂ ਮਾਹਿਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਇੱਕ ਅਜਿਹੇ ਕੇਂਦਰ ਵਜੋਂ ਕੰਮ ਕਰ ਰਿਹਾ ਹੈ ਜਿੱਥੇ ਦੇਸ ਭਰ ਤੋਂ ਵੱਖ-ਵੱਖ ਹੁਨਰ ਅਤੇ ਵੱਖ-ਵੱਖ ਸੰਸਥਾਵਾਂ ਉੱਚ-ਗੁਣਵੱਤਾ ਵਾਲੀ ਡਿਜੀਟਲ ਵਿਦਿਅਕ ਸਮੱਗਰੀ ਬਣਾਉਣ ਲਈ ਇਕੱਠੇ ਹੁੰਦੇ ਹਨ । ਉਨ੍ਹਾਂ ਇਸ ਕੋਰਸ ਦੇ ਕੋਰਸ-ਕੋਆਰਡੀਨੇਟਰ ਡਾ. ਤੇਜਪਾਲ ਧੇਵਾ, ਸੈਂਟਰਲ ਯੂਨੀਵਰਸਿਟੀ ਆਫ਼ ਹਰਿਆਣਾ, ਮਹਿੰਦਰਗੜ੍ਹ ਅਤੇ ਵਿਸ਼ਾ ਵਸਤੂ ਮਾਹਿਰ ਡਾ. ਨੇਹਾ ਸਿੰਘ, ਸਹਾਇਕ ਪ੍ਰੋਫੈਸਰ, ਭਾਸਕਰਚਾਰੀਆ ਕਾਲਜ, ਦਿੱਲੀ ਯੂਨੀਵਰਸਿਟੀ ਦੇ ਵਡਮੁੱਲੇ ਯੋਗਦਾਨ ਨੂੰ ਸਲਾਹੁੰਦਿਆਂ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ। ਉਨ੍ਹਾਂ ਇਸ ਪ੍ਰੋਜੈਕਟ ਦੇ ਨਿਰਮਾਣ ਲਈ ਡਾ. ਤੇਜਿੰਦਰ ਸਿੰਘ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਸਦਕਾ ਇਹ ਸੰਭਵ ਹੋ ਸਕਿਆ ਹੈ । ਡਾ. ਤੇਜਿੰਦਰ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਇਸ ਮੂਕਸ ਪ੍ਰੋਗਰਾਮ ਦੇ ਨਿਰਮਾਣ ਵਿੱਚ ਸ਼ਾਮਲ ਸਮੁੱਚੀ ਟੀਮ ਦਾ ਹੈ । ਈ. ਐੱਮ. ਆਰ. ਸੀ. ਦੇ ਇੱਕ ਹੋਰ ਪ੍ਰੋਡਿਊਸਰ ਚੰਦਨ ਕੁਮਾਰ ਨੇ ਆਪਣੇ ਸਾਰੇ ਸਾਥੀਆਂ ਨੂੰ ਇਸ ਪੁਰਸਕਾਰ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਹੋਰਨਾਂ ਨੂੰ ਵੀ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਪ੍ਰੇਰਿਤ ਕਰੇਗਾ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਵੀ ਇਸ ਪ੍ਰਾਪਤੀ ਉੱਤੇ ਈ. ਐੱਮ. ਆਰ. ਸੀ. ਸਟਾਫ ਨੂੰ ਵਧਾਈ ਦਿੱਤੀ ਗਈ । ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਿਜੀਟਲ ਸਿੱਖਿਆ ਦਾ ਖੇਤਰ ਸਿੱਖਣ ਦੀ ਪ੍ਰਕਿਰਿਆ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉੱਭਰ ਰਿਹਾ ਹੈ। ਈ. ਐੱਮ. ਆਰ. ਸੀ. ਕੇਂਦਰ ਵੱਲੋਂ ਇਸ ਖੇਤਰ ਵਿੱਚ ਯੋਗਦਾਨ ਦੇਣਾ ਅਹਿਮ ਗੱਲ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.