
ਦੀਵਾਲੀ ’ਤੇ ਰਿਲੀਜ਼ ਹੋਵੇਗੀ ਫ਼ਿਲਮ ‘ਸਿੰਘਮ ਅਗੇਨ’
- by Aaksh News
- June 16, 2024

ਬੌਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਮੁੱਖ ਭੂਮਿਕਾ ਵਾਲੀ ‘ਸਿੰਘਮ ਅਗੇਨ’ ਦੇ ਨਿਰਮਾਤਾਵਾਂ ਨੇ ਐਕਸ਼ਨ-ਰੋਮਾਂਚ ਨਾਲ ਭਰਪੂਰ ਇਹ ਫ਼ਿਲਮ ਰਿਲੀਜ਼ ਕਰਨ ਦੀ ਤਰੀਕ ਅੱਗੇ ਪਾ ਦਿੱਤੀ ਹੈ। ਅਜੈ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ਦੀ ਨਵੀਂ ਤਰੀਕ ਦਾ ਐਲਾਨ ਕਰਦਿਆਂ ਇਸ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ। ਪੋਸਟਰ ’ਤੇ ਫ਼ਿਲਮ ਦੇ ਸਾਰੇ ਮੁੱਖ ਕਲਾਕਾਰਾਂ ਦੇ ਨਾਮ ਲਿਖੇ ਹੋਏ ਹਨ, ਜਿਨ੍ਹਾਂ ’ਚ ਅਜੈ ਦੇਵਗਨ ਸਣੇ ਕਰੀਨਾ ਕਪੂਰ, ਟਾਈਗਰ ਸ਼ਰੌਫ, ਦੀਪਿਕਾ ਪਾਦੂਕੋਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਅਰਜੁਨ ਕਪੂਰ ਅਤੇ ਜੈਕੀ ਸ਼ਰੌਫ ਸ਼ਾਮਲ ਹਨ। ਉਸ ਨੇ ਪੋਸਟਰ ਨਾਲ ਕੈਪਸ਼ਨ ’ਚ ਲਿਖਿਆ ਹੈ, ‘‘ਇਸ ਸਾਲ ਦੀਵਾਲੀ ’ਤੇ ‘ਸਿੰਘਮ ਅਗੇਨ’ ਦੀ ਗਰਜ ਸੁਣੇਗੀ।’’ ਇਸ ਤੋਂ ਪਹਿਲਾਂ ਫ਼ਿਲਮ ਨੂੰ ਇਸ ਸਾਲ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਸੀ। ਦੱਸਣਯੋਗ ਹੈ ਕਿ ਅਜੈ ਦੇਵਗਨ ਨੇ ਲੰਘੇ ਦਿਨ ਆਪਣੀ ਆਉਣ ਵਾਲੀ ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਦਾ ਟਰੇਲਰ ਜਾਰੀ ਕਰਨ ਮੌਕੇ ‘ਸਿੰਘਮ ਅਗੇਨ’ ਦੀ ਰਿਲੀਜ਼ ਟਾਲਣ ਦਾ ਸੰਕੇਤ ਦਿੱਤਾ ਸੀ। ਫ਼ਿਲਮ ਸਬੰਧੀ ਇੱਕ ਸਵਾਲ ਦੇ ਜਵਾਬ ’ਚ ਅਜੈ ਦੇਵਗਨ ਨੇ ਕਿਹਾ ਸੀ, ‘‘ਫਿਲਹਾਲ ਕੁਝ ਤੈਅ ਨਹੀਂ ਹੈ, ਕਿਉਂਕਿ ਹਾਲੇ ਕੰਮ ਚੱਲ ਰਿਹਾ ਹੈ। ਇਹ ਹਾਲੇ ਪੂੁਰਾ ਨਹੀਂ ਹੋਇਆ। ਕੁਝ ਸ਼ੂੁਟਿੰਗ ਰਹਿੰਦੀ ਹੈ। ਇਸ ਕਰਕੇ ਸਾਨੂੰ ਕੋਈ ਕਾਹਲੀ ਨਹੀਂ ਹੈ, ਕਿਉਂਕਿ ਜਲਦਬਾਜ਼ੀ ’ਚ ਕੰਮ ਖਰਾਬ ਹੋ ਜਾਂਦਾ ਹੈ।