

ਸੰਸਥਾ ਨੇ ਅੱਧਾ ਦਰਜਨ ਸਕੂਲਾਂ ’ਚ ਲਗਾਏ ਸੈਂਕੜੇ ਪੌਦੇ - ਕਰੂ ਦਾ ਹੈਲਪ ਸੰਸਥਾ ਨੇ ਮਾਰਿਆ ਹੰਭਲਾ ਪਟਿਆਲਾ : ਸਮਾਜ ਸੇਵੀ ਸੰਸਥਾ ਕਰੂ ਦਾ ਹੈਲਪ ਨੇ ਜ਼ਿਲ੍ਹੇ ਭਰ ਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਅਤੇ ਸਾਂਝੀਆਂ ਥਾਵਾਂ 'ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸੰਭਾਲਣ ਦਾ ਬੀੜਾ ਚੁੱਕਿਆ ਹੈ। ਇਸ ਦੇ ਨਾਲ ਹੀ ਉਕਤ ਸੰਸਥਾ ਨੇ ਅੱਧਾ ਦਰਜਨ ਪਿੰਡਾਂ ਦੇ ਸਕੂਲਾਂ ਅੰਦਰ ਸੈਂਕੜੇ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਇੰਜੀ. ਅਮਰਜੀਤ ਸਿੰਘ, ਗੁਰਮੁੱਖ ਸਿੰਘ ਫੱਗਣ ਮਾਜਰਾ, ਗੁਰਮੁਖ ਸਿੰਘ ਰੁੜਕੀ, ਕਰਮ ਸਿੰਘ ਲੰਗ ਤੇ ਤਰਵਿੰਦਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਸੰਸਥਾ ਨੇ ਨੇੜਲੇ ਪਿੰਡ ਕਰਮਗੜ, ਫੱਗਣ ਮਾਜਰਾ, ਭੁਨਰਹੇੜੀ, ਸ਼ੇਰਮਾਜਰਾ ਅਤੇ ਅਜਰਾਵਰ ਦੇ ਸਰਕਾਰੀ ਸਕੂਲਾਂ ਅੰਦਰ ਸੈਂਕੜੇ ਪੌਦੇ ਲਗਾਏ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਜਿੰਨੀ ਵੱਡੀ ਗਿਣਤੀ ਰੁੱਖਾਂ ਦੀ ਕਟਾਈ ਹੋ ਰਹੀ ਹੈ ਉਨੀਂ ਗਿਣਤੀ ਵਿੱਚ ਨਵੇਂ ਪੌਦੇ ਨਹੀ ਲਗਾਏ ਜਾ ਰਹੇ। ਜਿਸ ਕਾਰਨ ਲਗਾਤਾਰ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਜਿਸ ਦੇ ਨਤੀਜੇ ਵਜੋਂ ਗਰਮੀ ਵਿੱਚ ਅਥਾਹ ਵਾਧਾ ਹੋ ਰਿਹਾ ਹੈ ਤੇ ਨਵੀਂਆਂ ਨਵੀਂਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪਸ਼ੂ ਪੰਛੀਆਂ ਦੇ ਰਹਿਣ ਬਸੇਰੇ ਵੀ ਲਗਾਤਾਰ ਖਤਮ ਹੋ ਰਹੇ ਹਨ। ਪ੍ਰਧਾਨ ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਹਰ ਇੱਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਇੱਕ ਪੌਦਾ ਲਗਾ ਕੇ ਉਸਦੀ ਵੱਡੇ ਹੋਣ ਤੱਕ ਦੇਖਭਾਲ ਜਰੂਰ ਕਰੇ। ਉਨ੍ਹਾਂ ਆਖਿਆ ਕਿ ਕਰਿਊ ਦਾ ਹੈਲਪ ਸੰਸਥਾ ਵੱਲੋਂ ਚੁੱਕਿਆ ਗਿਆ ਇਹ ਬੀੜਾ ਭਵਿੱਖ ਵਿੱਚ ਵੀ ਜਾਰੀ ਰਹੇਗਾ।