post

Jasbeer Singh

(Chief Editor)

Patiala News

10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਪੰਜਵੇ ਦਿਨ ਨਾਟਕ ‘ਇੰਨਾ ਦੀ ਆਵਾਜ਼’ ਪੇਸ਼ ਕੀਤਾ

post-img

10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਪੰਜਵੇ ਦਿਨ ਨਾਟਕ ‘ਇੰਨਾ ਦੀ ਆਵਾਜ਼’ ਪੇਸ਼ ਕੀਤਾ -ਰੂ-ਬ-ਰੂ ਸ਼ੈਸਨ ਦੌਰਾਨ ਫ਼ਿਲਮੀ ਅਦਾਕਾਰਾ ਅਨੀਤਾ ਸ਼ਬਦੀਸ਼ ਅਤੇ ਲੇਖਕ ਸ਼ਬਦੀਸ਼ ਨੇ ਅਨੁਭਵ ਸਾਂਝੇ ਕੀਤੇ ਪਟਿਆਲਾ, 7 ਦਸੰਬਰ : ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਪੰਜਵੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਨਾਟਕ ‘ਇੰਨਾ ਦੀ ਆਵਾਜ਼’ ਪੇਸ਼ ਕੀਤਾ ਗਿਆ । ਇਸ ਉਰਦੂ ਦੀ ਗੂੜ੍ਹੀ ਰੰਗਤ ਵਾਲੇ ਹਿੰਦੀ ਨਾਟਕ ਦਾ ਪੰਜਾਬੀ ਅਨੁਵਾਦ ਸ਼ਬਦੀਸ਼ ਨੇ ਕੀਤਾ ਹੈ । ਅਸਗਰ ਵਜਾਹਤ ਦਾ ਨਾਟਕ ‘ਇੰਨਾ ਦੀ ਆਵਾਜ਼’ ਸੱਤਾ ਦੀ ਸ਼ਰਣ ਗਏ ਕਲਾਕਾਰ ਦੀ ਹੋਣੀ ਬਿਆਨ ਕਰਦਾ ਹੈ, ਜੋ ਲੋਕਾਈ ਦਾ ਪਿਆਰ ਗਵਾ ਬੈਠਦਾ ਹੈ ਅਤੇ ਓਥੇ ਹੀ ਪਹੁੰਚ ਜਾਂਦਾ ਹੈ, ਜਿੱਥੋਂ ਉਹ ਅਗਾਂਹ ਤੁਰਿਆ ਸੀ । ਨਾਟਕਕਾਰ ਨੇ ਕਥਾ ਨੂੰ ਦੂਰਦੇਸ਼ ਵਿੱਚ ਤੇ ਸਦੀਆਂ ਪਹਿਲਾਂ ਵਾਪਰੇ ਘਟਨਾਕ੍ਰਮ ਵਜੋਂ ਦਰਸਾਇਆ ਹੈ, ਜਦੋਂ ਦੁਨੀਆਂ ਦੀ ਜਨਤਾ ਰਾਜਸ਼ਾਹੀ ਦੇ ਜ਼ੁਲਮਾਂ ਹੇਠ ਪਿੱਸ ਰਹੀ ਸੀ। ਇਹ ਨਾਟਕ ‘ਇੰਨਾ’ ਨਾਂ ਦੇ ਕਿਰਦਾਰ ਦੁਆਲੇ ਘੁੰਮਦਾ ਹੈ, ਜਿਸਨੂੰ ਫ਼ੌਜੀ ਹਮਲੇ ਤੋਂ ਬਾਅਦ ਗ਼ੁਲਾਮ ਬਣਾ ਲਿਆ ਗਿਆ ਸੀ ਅਤੇ ਇੱਕ ਬਾਦਸ਼ਾਹ ਦੇ ਅਹਿਲਕਾਰਾਂ ਨੇ ਖ਼ਰੀਦ ਕੇ ਆਪਣੀ ਰਿਆਸਤ ਵਿੱਚ ਕਾਮਾ ਬਣਾ ਲਿਆ ਸੀ । ਇੰਨਾ ਨੇ ਗ਼ੁਲਾਮੀ ਦੇ ਜੀਵਨ ਨੂੰ ਦਿਲੋ-ਦਿਮਾਗ਼ ਤੋਂ ਆਪਣਾ ਲਿਆ ਸੀ ਤੇ ਬਾਦਸ਼ਾਹ ਜਾਂ ਉਸਦੇ ਅਹਿਲਕਾਰਾਂ ਦੇ ਹਰ ਹੁਕਮ ਦੀ ਪੂਰੀ ਇਮਾਨਦਾਰੀ ਨਾਲ਼ ਪਾਲਣਾ ਕਰਦਾ ਸੀ। ਉਹ ਕੰਮ ਦੌਰਾਨ ਜਾਂ ਵਿਹਲੇ ਵੇਲ਼ੇ ਲੋਕ ਧੁਨਾਂ ’ਤੇ ਲੋਕਾਂ ਦੇ ਗੀਤ ਗਾਉਂਦਾ ਸੀ । ਇਸੇ ਕਾਰਨ ਹਰ ਕੋਈ ਉਸਨੂੰ ਦਿਲੋਂ ਪਿਆਰ ਕਰਦਾ ਸੀ । ਉਸ ਰਾਜ ਦਾ ਬਾਦਸ਼ਾਹ ਇੱਕ ਮਹਿਲ ਦੀ ਉਸਾਰੀ ਕਰਾਉਂਦਾ ਹੈ ਅਤੇ 20 ਸਾਲਾਂ ਬਾਅਦ ਜਦ ਦਰਵਾਜ਼ੇ ’ਤੇ ਬਾਦਸ਼ਾਹ ਦਾ ਨਾਂ ਲਿਖਿਆ ਜਾਂਦਾ ਹੈ ਤਾਂ ਚਮਤਕਾਰ ਵਾਪਰਦਾ ਹੈ । ਹਰ ਵਾਰ ਬਾਦਸ਼ਾਹ ਦਾ ਨਾਂ ਮਿਟ ਕੇ ਇੰਨਾ ਦਾ ਨਾਂ ਚਮਕ ਉੱਠਦਾ ਸੀ । ਇਸ ਰਹੱਸਮਈ ਘਟਨਾਕ੍ਰਮ ਦਾ ਰਾਜ਼ ਕੀ ਹੈ; ਇੰਨਾ ਕਿਸ ਤਰ੍ਹਾਂ ਸੱਤਾ ਸੰਭਾਲਦਾ ਹੈ; ਕੀ-ਕੀ ਕਾਰਨਾਮੇ ਕਰਦਾ ਹੈ ਜਾਂ ਉਸ ਕੋਲੋਂ ਕਰਵਾਏ ਜਾਂਦੇ ਹਨ ਕਿ ਮਹਿਲ ਦੇ ਦਰਵਾਜ਼ੇ ਤੋਂ ਉਸਦਾ ਨਾਂ ਮਿਟ ਜਾਵੇ ਅਤੇ ਬਾਦਸ਼ਾਹ ਦਾ ਨਾਂ ਹੋਰ ਚਮਕਦਾਰ ਹੋ ਜਾਵੇ; ਇਹ ਸਾਰਾ ਕੁੱਝ ਨਾਟਕ ਨੂੰ ਰੌਚਿਕ ਬਣਾਉਂਦਾ ਹੈ । ਨਾਟਕ ਵਿੱਚ ਅਨੀਤਾ ਸ਼ਬਦੀਸ਼, ਗੈਰੀ ਵੜੈਚ, ਅਰਮਾਨ ਸੰਧੂ, ਗੁਰਜੰਟ ਸਿੰਘ, ਅਵਤਾਰ ਐਰੀ, ਯੁਵਰਾਜ ਬਾਜਵਾ, ਪਰਮ, ਗੁਰਮੁੱਖ ਗਿਨੀ,ਮਨਦੀਪ ਜੋਸ਼ੀ ,ਭਰਤ ਸ਼ਰਮਾ ,ਅਨੁਹਾਰ, ਸੋਨੀਆ, ਬਬੀਤਾ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ । ਲਾਈਟ ‘ਤੇ ਕਰਨ ਗੁਲਜ਼ਾਰ ਨੇ ਸਾਥ ਦਿੱਤਾ ਅਤੇ ਪਿੱਠਵਰਤੀ ਲਾਈਵ ਮਿਊਜ਼ਿਕ ‘ਤੇ ਸ਼ਬਦੀਸ਼ ਅਤੇ ਅਵਨੂਰ ਨੇ ਸਾਥ ਨਿਭਾਇਆ । ਨਾਟਕ ਦਾ ਸੈੱਟ ਡਿਜ਼ਾਈਨ ਤੇ ਮੇਕਅੱਪ ਡਾ. ਲੱਖਾ ਲਹਿਰੀ ਨੇ ਕੀਤਾ । ਪੇਸ਼ਕਾਰੀ ਮੌਕੇ ਪੁੱਜੇ ਡਾ. ਰਵੀ ਅਨੂੰ ਨੇ ਨਾਟਕ ਦੇ ਅੰਤ ਵਿੱਚ ਨਾਟਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਾਟਕ ਦਰਸ਼ਕਾਂ ਨੂੰ ਰਾਜਨੀਤੀ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ ਤੇ ਸੋਚਣ ਲਈ ਮਜਬੂਰ ਕਰਦਾ ਹੈ । ਇਸ ਮੌਕੇ ਹਾਜ਼ਰ ਦਰਸ਼ਕਾਂ ਵਿੱਚ ਡਾ. ਸੁਰਜੀਤ ਭੱਟੀ, ਡਾ. ਦਰਸ਼ਨ ਸਿੰਘ ਅਸ਼ਟ, ਡਾ. ਕੁਲਦੀਪ ਕੌਰ, ਐਮ. ਐਮ. ਸਿਆਲ, ਰਵੀ ਭੂਸ਼ਨ ਵਰਗੀਆਂ ਸ਼ਖ਼ਸੀਅਤਾਂ ਨੇ ਨਾਟਕ ਦਾ ਅਨੰਦ ਮਾਣਿਆ। ਫ਼ੈਸਟੀਵਲ ਡਾਇਰੈਕਟਰ ਡਾ.ਇੰਦਰਜੀਤ ਗੋਲਡੀ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ । ਸਵੇਰ ਦੇ ਰੂ-ਬ-ਰੂ ਵਾਲ਼ੇ ਸ਼ੈਸਨ ਦੌਰਾਨ ਪੰਜਾਬੀ ਰੰਗਮੰਚ ਤੇ ਫਿਲਮੀ ਅਦਾਕਾਰਾ ਅਨੀਤਾ ਸ਼ਬਦੀਸ਼ ਅਤੇ ਓਹਨਾਂ ਦੇ ਹਮਸਫ਼ਰ ਸ਼ਬਦੀਸ਼, ਜੋ ਪੇਸ਼ੇ ਤੋਂ ਲੇਖਕ ਹਨ, ਨੇ ਦਰਸ਼ਕਾਂ ਨਾਲ਼ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਫ਼ਿਲਮਾਂ ਪੈਸਾ ਦਿੰਦੀਆਂ ਹਨ ਪਰ ਰੰਗਮੰਚ ਸੰਤੁਸ਼ਟੀ ਦਿੰਦਾ ਹੈ। ਅੰਤ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ ਟਵੰਟੀ ਫ਼ਸਟ ਸੈਂਚੁਰੀ ਵਲੋਂ ਪ੍ਰਕਾਸ਼ਿਤ ਸਵਾਮੀ ਸਰਬਜੀਤ ਦੀ ਲਿਖੀ ਪੁਸਤਕ ‘ਤਮ੍ਹਾ ’ ਇਸ ਜੋੜੀ ਨੇ ਰਿਲੀਜ਼ ਕੀਤੀ ।

Related Post