post

Jasbeer Singh

(Chief Editor)

Patiala News

ਜਾਤੀ ਭੇਦਭਾਵ ਕਰਨ ਵਾਲਿਆਂ ’ਤੇ ਕਰਾਰੀ ਸੱਟ ਮਾਰ ਗਿਆ ਨਾਟਕ ‘ਮਹਾਂਰਥੀ’

post-img

ਜਾਤੀ ਭੇਦਭਾਵ ਕਰਨ ਵਾਲਿਆਂ ’ਤੇ ਕਰਾਰੀ ਸੱਟ ਮਾਰ ਗਿਆ ਨਾਟਕ ‘ਮਹਾਂਰਥੀ’ - ਮਹਾਰਥੀ ਕਰਨ ਦੇ ਜੀਵਨ ’ਤੇ ਅਧਾਰਤ ਨਾਟਕ ‘ਮਹਾਂਰਥੀ’ ਦੀ ਸਫਲ ਪੇਸ਼ਕਾਰੀ - ਨੈਸ਼ਨਲ ਥੀਏਟਰ ਫੈਸਟੀਵਲ ਦਾ ਛੇਵਾਂ ਦਿਨ ਪਟਿਆਲਾ : ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੌਰਥ ਜੋਨ ਕਲਚਰਲ ਸੈਂਟਰ (ਐੱਨ. ਜੈੱਡ. ਸੀ. ਸੀ.) ਦੇ ਸਹਿਯੋਗ ਨਾਲ ਆਯੋਜਿਤ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਨਾਟਕ ‘ਮਹਾਂਰਥੀ’ ਦਾ ਡਾਇਰੈਕਟਰ ਅਭਿਸ਼ੇਕ ਮੁਦਗਲ ਦੀ ਨਿਰਦੇਸ਼ਨਾ ਹੇਠ ਸਫਲ ਮੰਚਨ ਕੀਤਾ ਗਿਆ । ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਦਰਸ਼ਕ ਆਪਣੀਆਂ ਸੀਟਾਂ ਤੋਂ ਉਠ ਕੇ ਤਾੜੀਆਂ ਮਾਰੇ ਬਗੈਰ ਨਾ ਰਹਿ ਸਕੇ । ਕਲਾਕਾਰਾਂ ਦੀ ਲਗਭਗ 1 ਘੰਟਾ 5 ਮਿੰਟ ਦੀ ਪੇਸ਼ਕਾਰੀ ਨੇ ਸਮੂਹ ਦਰਸ਼ਕਾਂ ਨੂੰ ‘ਮਹਾਂਰਥੀ’ ਕਰਨ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ । ਇਹ ਨਾਟਕ ਮਹਾਂਰਥੀ ਕਰਨ ਦੇ ਜੀਵਨ ਦੀ ਕਹਾਣੀ ’ਤੇ ਅਧਾਰਿਤ ਰਿਹਾ । ਜੋ ਮੌਜੂਦਾ ਸਮੇਂ ਦੀ ਸਥਿਤੀ ਨੂੰ ਵੀ ਦਰਸਾਉਂਦਾ ਹੈ ਕਿ ਅੱਜ ਵੀ ਕਿਸ ਤਰਾਂ ਪੱਛੜੇ ਸਮਾਜ ਦੇ ਲੋਕਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ । ਇਸ ਵਿੱਚ ਦੱਸਿਆ ਗਿਆ ਕਿ ਅੱਜ ਵੀ ਹੁਨਰ ਨੂੰ ਨਜਰ ਅੰਦਾਜ ਕਰਕੇ ਜਾਤ ਪਾਤ ਨੂੰ ਸਰਵ ਸ੍ਰੇਸ਼ਟ ਮੰਨਿਆ ਜਾਂਦਾ ਹੈ । ਕਲਾਕਾਰਾਂ ਵਿੱਚ ਦਿਵਿਆਂਸ਼ ਸ਼ਿਵਨਾਨੀ, ਦੇਵੇਂਦਰ ਸਵਾਮੀ, ਸੁਧਾਂਸ਼ੂ ਸ਼ੁਕਲਾ, ਵਿਵੇਕ ਜਾਖੜ, ਰਿਤਿਕਾ, ਯਸ਼ਵਿਨੀ, ਰੋਸ਼ਿਕ, ਨਿਸ਼ਾਂਤ, ਮੋਹਿਤ ਅਤੇ ਸ਼ਵੇਤਾ ਚੌਲਾਗਾਈਂ ਨੇ ਸ਼ਾਨਦਾਰ ਭੂਮਿਕਾ ਨਿਭਾਈ । ਫੈਸਟੀਵਲ ਦੇ ਮੁੱਖ ਮਹਿਮਾਨ ਕਲਾਕ੍ਰਿਤੀ ਪਟਿਆਲਾ ਦੇ ਚੇਅਰਮੈਨ ਅਤੇ ਸਾਬਕਾ ਆਈਏਐਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਕਲਾਕਾਰਾਂ ਦੇ ਪੇਸ਼ਕਾਰੀ ਲਈ ਬਹੁਤ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਕਲਾ ਕ੍ਰਿਤੀ ਦੂਜੇ ਰਾਜਾਂ ਨਾਲ ਸੱਭਿਆਚਾਰਕ ਸਾਂਝ ਬਣਾਉਣ ਲਈ ਵਚਨਬੱਧ ਹੈ । ਇਸਦੇ ਨਾਲ ਹੀ ਦਿੱਲੀ ਤੋਂ ਵਿਸ਼ੇਸ ਤੌਰ ’ਤੇ ਪਹੁੰਚੇ ਆਲ ਇੰਡੀਆ ਥੀਏਟਰ ਕੌਂਸਲ (ਏ. ਆਈ. ਟੀ. ਸੀ.) ਦੇ ਪ੍ਰਧਾਨ ਅਸ਼ੋਕ ਮਹਿਰਾ ਨੇ ਕਲਾਕਾਰਾਂ ਦਾ ਹੌਸਲਾ ਵਧਾਇਆ। ਇਸ ਤੋਂ ਇਲਾਵਾ ਉਹ ਫੈਸਟੀਵਲ ਦੇ ਪ੍ਰਬੰਧ ਦੇਖ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਕਿਹਾ ਕਿ ਜੋ ਪੇਸ਼ਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਬਹੁਤ ਹੀ ਵਿਲੱਖਣ ਦਰਜੇ ਦੀਆਂ ਹਨ । ਇਸ ਦੌਰਾਨ ਲਕਸ਼ਮੀ ਬਾਈ ਡੈਂਟਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਆਸ਼ੂਤੋਸ਼ ਨਰੂਲਾ ਅਤੇ ਕਾਰਡੀਓਲੋਜਿਸਟ ਡਾ. ਮਨਮੋਹਨ ਸਿੰਘ ਨੇ ਇਸ ਸਫਲ ਫੈਸਟੀਵਲ ਲਈ ਕਲਾ ਕ੍ਰਿਤੀ ਪਟਿਆਲਾ ਦੇ ਅਹੁਦੇਦਾਰਾਂ ਦੀ ਜਮ ਕੇ ਤਾਰੀਫ ਕਰਦਿਆਂ ਮੁਬਾਰਕਬਾਦ ਦਿੱਤੀ । ਅਖੀਰ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਕਿਹਾ ਕਿ ਇਸ ਫੈਸਟੀਵਲ ਵਿੱਚ ਦਰਸ਼ਕਾਂ ਦੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵੀ ਹੋਰ ਇਸ ਤਰਾਂ ਦੇ ਫੈਸਟੀਵਲ ਆਯੋਜਿਤ ਕੀਤੇ ਜਾਣਗੇ । ਉਨ੍ਹਾਂ ਅੱਗੇ ਆਖਿਆ ਕਿ ਕੱਲ੍ਹ 13 ਨਵੰਬਰ ਬੁੱਧਵਾਰ ਨੂੰ ਪਹਿਲੇ ਸੈਸ਼ਨ ਵਿੱਚ ਕਲਕੱਤਾ ਦੇ ਗਰੁੱਪ ਵੱਲੋਂ ਡਾਂਸ ਦੀ ਪੇਸ਼ਕਾਰੀ ਦਿੱਤੀ ਜਾਵੇਗੀ ਅਤੇ ਦੂਜੇ ਸੈਸ਼ਨ ਵਿੱਚ ਨਾਟਕ ਦੀ ਪੇਸ਼ਕਾਰੀ ਹੋਵੇਗੀ ।

Related Post