

ਭਾਜਪਾ ਦੇ ਪੁਰਾਣੇ ਆਗੂ ਗੁਰਤੇਜ ਸਿੰਘ ਢਿੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਰਹੇ ਹਨ ਜਿਸ ਤਹਿਤ ਹੀ ਉਨ੍ਹਾਂ ਨੇ ਹਲਕਾ ਪਟਿਆਲਾ ’ਚ ਕੇਂਦਰ ਸਕਰਾਰ ਤੋਂ ਕੰਮ ਵੀ ਕਰਵਾਏ ਸਨ ਪਰ ਇਹ ਟਿਕਟ ਪ੍ਰਨੀਤ ਕੌਰ ਦੇ ਹਿੱਸੇ ਆ ਗਈ। ਇਸ ਦੇ ਚੱਲਦਿਆਂ ਹੀ ਪ੍ਰਨੀਤ ਕੌਰ ਦੇ ਹੱਕ ’ਚ ਇੱਥੇ ਹੋਈ ਰੈਲੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਜ ’ਤੇ ਹੀ ਸਾਰਿਆਂ ਨਾਲ ਕੀਤੀ ਮੁਲਾਕਾਤ ਮੌਕੇ ਗੁਰਤੇਜ ਢਿੱਲੋਂ ਦੀ ਪਿੱਠ ਥਾਪੜੀ। ਇਸ ਦੌਰਾਨ ਉਨ੍ਹਾਂ ਨੂੰ ਪਾਰਟੀ ਸਫਾਂ ’ਚ ਦੱਬ ਕੇ ਕੰਮ ਕਰਨ ਲਈ ਵੀ ਆਖਿਆ। ਇਸ ਗੱਲ ਦੀ ਪੁਸ਼ਟੀ ਸਟੇਜ ’ਤੇ ਹੀ ਇਸ ਮੁਲਾਕਾਤ ਮੌਕੇ ਕੋਲ ਮੌਜੂਦ ਰਹੇ ਭਾਜਪਾ ਆਗੂ ਲਾਲਜੀਤ ਸਿੰਘ ਲਾਲੀ ਨੇ ਵੀ ਕੀਤੀ।