ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਤਿਆਰ ਬਰ ਤਿਆਰ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਫਸਲ ਦਾ ਇਕ-ਇਕ ਦਾਣਾ ਚੁੱਕਣ ਲਈ ਸਰਕਾਰ ਵਚਨਬੱਧ: ਅਨੁਰਾਗ ਵਰਮਾ ਮੁੱਖ ਸਕੱਤਰ ਨੇ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਖਰੀਦ ਸਬੰਧੀ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਸਮੀਖਿਆ ਮੀਟਿੰਗ ਚੰਡੀਗੜ੍ਹ, 26 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਝੋਨੇ ਦੀ ਖਰੀਦ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰ ਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਸਬੰਧਤ ਖਰੀਦ ਏਜੰਸੀਆਂ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ । ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਮੁੰਬਈ ਵਿਖੇ ਕੀਤੀ ਪੈਰਵੀ ਦੇ ਚੱਲਦਿਆਂ ਪੰਜਾਬ ਨੂੰ ਸਾਉਣੀ ਮੰਡੀਕਰਨ ਸੀਜ਼ਨ 2024-25 ਦੌਰਾਨ ਅਕਤੂਬਰ 2024 ਦੇ ਅੰਤ ਤੱਕ ਝੋਨੇ ਦੀ ਖਰੀਦ ਲਈ 41,339.81 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਤੁਰੰਤ ਅਦਾਇਗੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 17 ਫੀਸਦੀ ਨਮੀ ਤੱਕ ਦਾ ਝੋਨਾ ਮੰਡੀ ਲੈ ਕੇ ਆਉਣ ਤਾਂ ਜੋ ਖਰੀਦ ਦੇ ਨਿਯਮਾਂ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੀ ਫਸਲ ਦੀ ਤੁਰੰਤ ਖਰੀਦ ਹੋ ਸਕੇ । ਮੁੱਖ ਸਕੱਤਰ ਨੇ ਕਿਹਾ ਕਿ ਉਨ੍ਹਾਂ ਐਫ.ਸੀ.ਆਈ. ਦੀ ਸੀ.ਐਮ.ਡੀ. ਵਨੀਤਾ ਸ਼ਰਮਾ ਨਾਲ ਗੱਲਬਾਤ ਕੀਤੀ ਜਿਨ੍ਹਾਂ ਇਹ ਵਿਸ਼ਵਾਸ ਦਿਵਾਇਆ ਕਿ ਝੋਨੇ ਦੀ ਖਰੀਦ ਸੀਜ਼ਨ ਦੌਰਾਨ ਪੰਜਾਬ ਦੇ ਮਿੱਲਰਜ਼ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਵੱਲੋਂ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਉਨ੍ਹਾਂ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦੇਣ ਤੋਂ ਬਾਅਦ ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨਾਲ ਗੱਲਬਾਤ ਕਰਕੇ ਐਫ.ਸੀ.ਆਈ. ਨੂੰ ਚੌਲਾਂ ਦੀ ਡਿਲਿਵਰੀ ਲਈ ਲੋੜੀਂਦੀ ਜਗ੍ਹਾ ਬਣਾਉਣ ਲਈ ਨਿਰਦੇਸ਼ ਦੇਣ ਦੀ ਮੰਗ ਉਠਾਈ ਗਈ ਸੀ। ਮੀਟਿੰਗ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਨੇ ਜਾਣਕਾਰੀ ਦਿੱਤੀ ਕਿ ਸੀਜ਼ਨ ਦੌਰਾਨ 185 ਲੱਖ ਮੀਟਰਿਕ ਟਨ ਝੋਨੇ ਦੀ ਸੰਭਾਵਿਤ ਖਰੀਦ ਲਈ 5 ਲੱਖ ਬੇਲਜ਼ (ਬਾਰਦਾਨੇ ਦੀਆਂ ਗੱਠਾਂ) ਦੀ ਜ਼ਰੂਰਤ ਹੈ ਜਿਸ ਵਿੱਚੋਂ ਵਿਭਾਗ ਨੇ ਹੁਣ ਤੱਕ 4.74 ਲੱਖ ਬਰਦਾਨੇ ਦੀਆਂ ਗੱਠਾਂ ਦਾ ਇਸ ਵੇਲੇ ਪ੍ਰਬੰਧ ਕਰ ਲਿਆ ਹੈ ਅਤੇ 35 ਹਜ਼ਾਰ ਹੋਰ ਗੱਠਾਂ ਦਾ ਪ੍ਰਬੰਧ ਪ੍ਰਕਿਰਿਆ ਅਧੀਨ ਹੈ ਜੋ ਕਿ ਜਲਦ ਪੂਰਾ ਕਰ ਲਿਆ ਜਾਵੇਗਾ । ਸ੍ਰੀ ਅਨੁਰਾਗ ਵਰਮਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਡੀਆਂ ਵਿੱਚ ਕਿਸਾਨਾਂ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਖੁਦ ਅਤੇ ਐਸ.ਡੀ.ਐਮਜ਼ ਮੰਡੀਆਂ ਦਾ ਨਿਰੰਤਰ ਨਿੱਜੀ ਤੌਰ ਉਤੇ ਦੌਰਾ ਕਰਕੇ ਪ੍ਰਬੰਧਾਂ ਦੀ ਨਿਗਰਾਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਸ਼ਾਮ 6 ਵਜੇ ਤੋਂ ਸਵੇਰ 10 ਵਜੇ ਤੱਕ ਝੋਨੇ ਦੀ ਵਾਢੀ ਲਈ ਕੰਬਾਈਨਾਂ ਦੇ ਚੱਲਣ ਉਤੇ ਪਾਬੰਦੀ ਦੇ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ । ਮੀਟਿੰਗ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ, ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਐਮ.ਡੀ. ਕੰਵਲਪ੍ਰੀਤ ਬਰਾੜ, ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਰਾਮਵੀਰ ਸਿੰਘ, ਪਨਸਪ ਦੇ ਐਮ.ਡੀ. ਸੋਨਾਲੀ ਗਿਰਿ, ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਅਤੇ ਮਾਰਕਫੈਡ ਦੇ ਐਮ.ਡੀ. ਗਿਰਿਸ਼ ਦਿਆਲਨ ਵੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.