post

Jasbeer Singh

(Chief Editor)

National

200 ਸਾਲ ਪੁਰਾਣੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਢਾਹੁਣ ਦੀ ਕਾਰਵਾਈ ਤੁਰੰਤ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਮਿਲ ਦਿ

post-img

200 ਸਾਲ ਪੁਰਾਣੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਢਾਹੁਣ ਦੀ ਕਾਰਵਾਈ ਤੁਰੰਤ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਮਿਲ ਦਿੱਤਾ ਮੇਘਾਲਿਆ ਦੇ ਮੁੱਖ ਸਕੱਤਰ ਨੂੰ ਮੰਗ ਪੱਤਰ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਅੱਜ ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਡੋਨਲਡ ਫਿਲਿਪਸ ਵਾਹਲੈਂਗ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਦੀ ਪੰਜਾਬੀ ਕਲੋਨੀ ਵਿੱਚ ਸਥਿਤ 200 ਸਾਲ ਪੁਰਾਣੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਢਾਹੁਣ ਦੀ ਕਾਰਵਾਈ ਤੁਰੰਤ ਰੋਕਣ ਲਈ ਮੰਗ ਪੱਤਰ ਸੌਂਪਿਆ। ਗੁਰਦੁਆਰਾ ਢਾਹੁਣ ਦੀ ਕਾਰਵਾਈ ਮੇਘਾਲਿਆ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਸ਼ਿਲਾਂਗ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਸਕੱਤਰੇਤ ਤੱਕ ਪਹੁੰਚ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਮੇਘਾਲਿਆ ਸਰਕਾਰ ਦੀ ਉੱਚ ਪੱਧਰੀ ਕਮੇਟੀ ਵੱਲੋਂ ਸ਼ਿਲਾਂਗ ਦੇ ਬੜਾ ਬਜ਼ਾਰ ਦੀ ਪੰਜਾਬੀ ਕਲੋਨੀ ਵਿੱਚ ਸਥਿਤ ਗੁਰਦੁਆਰੇ ਦੇ ਨਾਲ-ਨਾਲ ਹੋਰ ਧਾਰਮਿਕ ਸਥਾਨ ਢਾਹੁਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਨਾਲ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਇਸ ਮਾਮਲੇ ਵਿੱਚ ਸਿੱਖ ਸੰਸਥਾਵਾਂ ਤੁਰੰਤ ਦਖਲ ਦੇਣ ਅਤੇ ਗੁਰਦੁਆਰੇ ਨੂੰ ਬੜਾ ਬਾਜ਼ਾਰ ਅੰਦਰ ਪੰਜਾਬੀ ਕਲੋਨੀ ਵਾਲੀ ਜਗ੍ਹਾ ’ਤੇ ਹੀ ਸੁਰੱਖਿਅਤ ਰੱਖੇ ਜਾਣ ਲਈ ਕਾਰਵਾਈ ਕੀਤੀ ਜਾਵੇ। ਇਸ ’ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਆਧਾਰਤ ਵਫ਼ਦ ਮੇਘਾਲਿਆ ਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਸ਼ਿਲਾਂਗ ਪੁੱਜਾ। ਇਸ ਦੌਰਾਨ ਵਫਦ ਨੇ ਜ਼ੋਰਦਾਰ ਤਰੀਕੇ ਨਾਲ ਸਥਾਨਕ ਸਿੱਖਾਂ ਦੀ ਅਵਾਜ਼ ਉਠਾਈ।ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਸਰਕਾਰ ਤੋਂ ਆਸ ਪ੍ਰਗਟਾਈ ਗਈ ਹੈ ਕਿ ਉਹ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਚੱਲ ਰਹੀ ਕਾਰਵਾਈ ਤੁਰੰਤ ਰੋਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਢਲਾ ਫ਼ਰਜ਼ ਹੈ ਕਿ ਸੂਬੇ ਅੰਦਰ ਵੱਸਦੇ ਹਰ ਧਰਮ ਅਤੇ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਰਖਵਾਲੀ ਕਰੇ। ਉਨ੍ਹਾਂ ਕਿਹਾ ਕਿ ਸ਼ਿਲਾਂਗ ਦੀ ਪੰਜਾਬੀ ਲੇਨ ਵਿੱਚ ਵਸੇ ਸਿੱਖ ਪਰਿਵਾਰਾਂ ਦੇ ਘਰ ਢਾਹੁਣ ਦੀ ਕਾਰਵਾਈ ਦਾ ਮਾਮਲਾ ਵੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਵਿੱਚ ਵੀ ਮੇਘਾਲਿਆ ਸਰਕਾਰ ਨੂੰ ਸਥਾਨਕ ਸਿੱਖਾਂ ਦੇ ਰਿਹਾਇਸ਼ੀ ਹੱਕਾਂ ਦੀ ਸੁਰੱਖਿਆ ਕਰਦਿਆਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਕੋਈ ਧੱਕਾ ਨਾ ਹੋਵੇ। ਇਸ ਮੌਕੇ ਸੇਵ ਸ਼ਿਲਾਂਗ ਸਿੱਖਸ ਸੰਸਥਾ ਦੇ ਕਨਵੀਨਰ ਪ੍ਰੋ. ਜਗਮੋਹਨ ਸਿੰਘ ਅਤੇ ਸਥਾਨਕ ਸਿੱਖ ਨੁਮਾਇੰਦੇ ਵੀ ਹਾਜ਼ਰ ਸਨ।

Related Post

Instagram