
ਖੇਤਾਂ ਵਿੱਚ ਬਚੀ ਪਰਾਲੀ ਦੀ ਕੀਤੀ ਜਾ ਰਹੀ ਹੈ ਸ਼ਨਾਖ਼ਤ ਅਤੇ ਕਿਸੇ ਵੀ ਕੀਮਤ ‘ਤੇ ਹੁਣ ਅੱਗ ਨਹੀਂ ਲਗਾਉਣ ਦਿੱਤੀ ਜਾਵੇਗੀ
- by Jasbeer Singh
- November 18, 2024

ਖੇਤਾਂ ਵਿੱਚ ਬਚੀ ਪਰਾਲੀ ਦੀ ਕੀਤੀ ਜਾ ਰਹੀ ਹੈ ਸ਼ਨਾਖ਼ਤ ਅਤੇ ਕਿਸੇ ਵੀ ਕੀਮਤ ‘ਤੇ ਹੁਣ ਅੱਗ ਨਹੀਂ ਲਗਾਉਣ ਦਿੱਤੀ ਜਾਵੇਗੀ : ਐਸ. ਡੀ. ਐਮ. ਸੂਬਾ ਸਿੰਘ ਲਹਿਰਾ/ਸੰਗਰੂਰ, 18 ਨਵੰਬਰ : ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ਤਹਿਤ ਐਸ. ਡੀ. ਐਮ ਲਹਿਰਾ ਸੂਬਾ ਸਿੰਘ ਵੱਲੋਂ ਪਰਾਲੀ ਨੂੰ ਸਾੜੇ ਜਾਣ ਦੀ ਮਾੜੀ ਪ੍ਰਥਾ ਨੂੰ ਠੱਲ੍ਹਣ ਲਈ ਪਿੰਡਾਂ ਅਤੇ ਖੇਤਾਂ ਵਿੱਚ ਪ੍ਰਸ਼ਾਸਨਿਕ ਟੀਮਾਂ ਦੀ ਲਗਾਤਾਰ ਨਿੱਜੀ ਤੌਰ ‘ਤੇ ਅਗਵਾਈ ਕੀਤੀ ਜਾ ਰਹੀ ਹੈ । ਅੱਜ ਐਸ. ਡੀ. ਐਮ. ਸੂਬਾ ਸਿੰਘ ਵੱਲੋਂ ਆਪਣੀਆਂ ਟੀਮਾਂ ਸਮੇਤ ਬਖੌਰਾ ਕਲਾਂ, ਬਖੌਰਾ ਖੁਰਦ, ਗੋਬਿੰਦਪੁਰਾ ਜਵਾਹਰਵਾਲਾ, ਰਾਮਪੁਰਾ ਜਵਾਹਰਵਾਲਾ, ਲੇਲ੍ਹ ਕਲਾਂ, ਲੇਲ੍ਹ ਖੁਰਦ, ਚੂੜਲ ਕਲਾਂ, ਬੱਲਰਾਂ, ਭੁਟਾਲ ਕਲਾਂ, ਢੀਂਡਸਾ, ਡੂਡੀਆਂ ਅਤੇ ਹਮੀਰਗੜ੍ਹ ਪਿੰਡਾਂ ਦਾ ਦੌਰਾ ਕੀਤਾ ਗਿਆ । ਐਸ. ਡੀ. ਐਮ. ਸੂਬਾ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਟੀਮਾਂ ਵੱਲੋਂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਸਦਕਾ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੱਡੇ ਪੱਧਰ ‘ਤੇ ਕਮੀਂ ਆਈ ਹੈ । ਉਨ੍ਹਾਂ ਕਿਹਾ ਕਿ ਸਬਡਵੀਜਨ ਦੇ ਵੱਡੇ ਰਕਬੇ ‘ਤੇ ਪਰਾਲੀ ਦਾ ਕੁਦਰਤੀ ਢੰਗ ਨਾਲ ਨਿਬੇੜਾ ਕਰਕੇ ਕਣਕ ਦੀ ਫ਼ਸਲ ਦੀ ਬਿਜਾਈ ਕੀਤੀ ਜਾ ਚੁੱਕੀ ਹੈ । ਐਸ. ਡੀ. ਐਮ. ਸੂਬਾ ਸਿੰਘ ਨੇ ਕਿਹਾ ਕਿ ਹੁਣ ਪਛੇਤੇ ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਕੀਮਤ ‘ਤੇ ਹੁਣ ਇਸ ਪਰਾਲੀ ਨੂੰ ਅੱਗ ਨਹੀਂ ਲਗਾਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਲਗਾਤਾਰ ਪਿੰਡ-ਪਿੰਡ ਅਤੇ ਖੇਤ-ਖੇਤ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਨ ਅਤੇ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ । ਐਸ. ਡੀ. ਐਮ. ਸੂਬਾ ਸਿੰਘ ਨੇ ਕਿਹਾ ਕਿ ਪਰਾਲੀ ਦੇ ਕੁਦਰਤੀ ਢੰਗ ਨਾਲ ਨਿਬੇੜੇ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਮਸ਼ੀਨਰੀ ਪਹਿਲਾਂ ਹੀ ਕਿਸਾਨਾਂ ਨੂੰ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਪਰਾਲੀ ਦੇ ਪ੍ਰਬੰਧ ਲਈ ਮਸ਼ੀਨਰੀ ਦੀ ਲੋੜ ਹੋਵੇ ਤਾਂ ਉਨ੍ਹਾਂ ਦੇ ਦਫ਼ਤਰ ਜਾਂ ਆਪਣੇ ਨੇੜਲੇ ਬਲਾਕ ਦੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਪਰਚਾ ਕਰਨ ਦੇ ਨਾਲ-ਨਾਲ ਜ਼ੁਰਮਾਨਾ ਵਸੂਲਣ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.