post

Jasbeer Singh

(Chief Editor)

National

ਸੁਪਰੀਮ ਕੋਰਟ ਨੇ ਈ. ਡੀ. ਨੂੰ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਯੰਤਰਾਂ ਯਾਨੀ ਲੈਪਟਾਪ ਤੇ ਮੋਬਾਈਲ ਫੋਨ ਦ

post-img

ਸੁਪਰੀਮ ਕੋਰਟ ਨੇ ਈ. ਡੀ. ਨੂੰ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਯੰਤਰਾਂ ਯਾਨੀ ਲੈਪਟਾਪ ਤੇ ਮੋਬਾਈਲ ਫੋਨ ਦੇ ਡਾਟੇ ਤੱਕ ਪੁੱਜਣ ਤੇ ਉਸ ਦੀ ਕਾਪੀ ਬਣਾਉਣ ਤੋਂ ਰੋਕਿਆ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਕ ਅਹਿਮ ਹੁਕਮ ’ਚ ਈ. ਡੀ. ਨੂੰ ਲਾਟਰੀ ਕਿੰਗ ਦੇ ਨਾਂ ਨਾਲ ਮਸ਼ਹੂਰ ਸੈਂਟਿਆਗੋ ਮਾਰਟਿਨ, ਉਸ ਦੇ ਰਿਸ਼ਤੇਦਾਰਾਂ ਤੇ ਮੁਲਾਜ਼ਮਾਂ ਖਿ਼ਲਾਫ਼ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਯੰਤਰਾਂ ਯਾਨੀ ਲੈਪਟਾਪ ਤੇ ਮੋਬਾਈਲ ਫੋਨ ਦੇ ਡਾਟੇ ਤੱਕ ਪੁੱਜਣ ਤੇ ਉਸ ਦੀ ਕਾਪੀ ਬਣਾਉਣ ਤੋਂ ਰੋਕ ਦਿੱਤਾ ਹੈ । ਸੁਪਰੀਮ ਕੋਰਟ ਨੇ 13 ਦਸੰਬਰ ਨੂੰ ਇਹ ਹੁਕਮ ਫਿਊਚਰ ਗੇਮਿੰਗ ਐਂਡ ਹੋਟਲਸ ਸਰਵਿਸਿਜ ਪ੍ਰਾਈਵੇਟ ਲਿਮਟਡ ਤੇ ਮਾਰਟਿਨ ਦੀ ਪਟੀਸ਼ਨ ’ਤੇ ਪਾਸ ਕੀਤਾ ਸੀ । ਇਸ ਨਾਲ ਜਾਂਚ ਏਜੰਸੀਆਂ ਨੂੰ ਮੁਲਜ਼ਮਾਂ ਦਾ ਮੋਬਾਈਲ ਫੋਨ ਜਾਂ ਲੈਪਟਾਪ ਜ਼ਬਤ ਕਰਨ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਮੁੜ ਵਿਚਾਰ ਕਰਨਾ ਪੈ ਸਕਦਾ ਹੈ । ਇਹ ਹੁਕਮ ਇਸ ਤਰ੍ਹਾਂ ਦੇ ਮਾਮਲਿਆਂ ’ਚ ਮੁਲਜ਼ਮ ਵਿਅਕਤੀਆਂ ਲਈ ਵੀ ਮਦਦਗਾਰ ਹੋ ਸਕਦਾ ਹੈ । ਜਸਟਿਸ ਅਭੈ ਐੱਸ ਓਕਾ ਤੇ ਪੰਕਜ ਮਿੱਤਲ ਦੇ ਬੈਂਚ ਨੇ ਕਿਹਾ ਕਿ ਨੋਟਿਸ ਜਾਰੀ ਕੀਤਾ ਜਾਂਦਾ ਹੈ । ਇਸ ਦੌਰਾਨ ਅਰਜ਼ੀ ਨੂੰ ਧਿਆਨ ’ਚ ਰੱਖਦੇ ਹੋਏ ਅੰਤ੍ਰਿਮ ਰਾਹਤ ਦਿੱਤੀ ਜਾਂਦੀ ਹੈ । ਫਿਊਚਰ ਗੇਮਿੰਗ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜ਼ਬਤ ਇਲੈਕਟ੍ਰਾਨਿਕ ਯੰਤਰਾਂ ਦਾ ਡਾਟਾ ਹਾਸਲ ਕਰਨਾ ਰਾਜ਼ਦਾਰੀ ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਯੰਤਰਾਂ ’ਚ ਨਿੱਜੀ ਤੇ ਕਾਰੋਬਾਰੀ ਤੌਰ ’ਤੇ ਅਹਿਮ ਡਾਟਾ ਮੌਜੂਦ ਹੈ। ਇਨ੍ਹਾਂ ’ਚ ਵਿੱਤੀ ਵੇਰਵੇ, ਮੈਡੀਕਲ ਰਿਕਾਰਡ, ਪਾਸਵਰਡ ਤੇ ਰਣਨੀਤਕ ਦਸਤਾਵੇਜ਼ ਸ਼ਾਮਿਲ ਹਨ । ਜ਼ਿਕਰਯੋਗ ਹੈ ਕਿ ਸੈਂਟਿਆਗੋ ਮਾਰਟਿਨ ਦਾ ਨਾਂ ਉਸ ਸਮੇਂ ਰਾਸ਼ਟਰੀ ਪੱਧਰ ’ਤੇ ਸੁਰਖੀਆਂ ’ਚ ਆਇਆ ਸੀ, ਜਦੋਂ ਇਹ ਪਤਾ ਲੱਗਿਆ ਸੀ ਕਿ ਉਸ ਦੀ ਕੰਪਨੀ ਫਿਊਚਰ ਗੇਮਿੰਗ ਨੇ ਚੋਣ ਬਾਂਡ ਜ਼ਰੀਏ ਸਿਆਸੀ ਪਾਰਟੀਆਂ ਨੂੰ ਸਭ ਤੋਂ ਵੱਧ 1368 ਕਰੋੜ ਰੁਪਏ ਚੰਦਾ ਦਿੱਤਾ ਹੈ । ਬੈਂਚ ਨੇ ਪਟੀਸ਼ਨ ’ਤੇ ਕੇਂਦਰ, ਈਡੀ ਤੇ ਉਸ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਤੇ ਇਸ ’ਤੇ ਪੈਂਡਿੰਗ ਹੋਰ ਮਾਮਲਿਆਂ ਨਾਲ 17 ਫਰਵਰੀ 2025 ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ । ਹੋਰ ਮਾਮਲਿਆਂ ’ਚ ਐਮਾਜ਼ੋਨ ਇੰਡੀਆ ਦੇ ਮੁਲਾਜ਼ਮਾਂ ਤੇ ਨਿਊਜ਼ ਕਲਿਕ ਦਾ ਮਾਮਲਾ ਸ਼ਾਮਿਲ ਹੈ, ਜਿੱਥੇ ਪਟੀਸ਼ਨਰਾਂ ਨੇ ਜਾਂਚ ਏਜੰਸੀਆਂ ਵੱਲੋਂ ਡਿਜੀਟਲ ਯੰਤਰ ਜ਼ਬਤ ਕਰਨ ਲਈ ਦਿਸ਼ਾ-ਨਿਰਦੇਸ਼ ਮੰਗੇ ਹਨ । ਈ. ਡੀ. ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਹੁਕਮ ਦੇਖਿਆ ਹੈ ਤੇ ਡਿਜੀਟਲ ਰਿਕਾਰਡ ਤੋਂ ਇਲਾਵਾ ਮਾਮਲੇ ’ਚ ਉਨ੍ਹਾਂ ਕੋਲ ਹੋਰ ਭਰੋਸੇਯੋਗ ਸਬੂਤ ਵੀ ਹਨ।ਮੇਘਾਲਿਆ ਪੁਲਿਸ ਦੀ ਸ਼ਿਕਾਇਤ ਤੋਂ ਬਾਅਦ ਪਿਛਲੇ ਨਵੰਬਰ ’ਚ ਛੇ ਸੂਬਿਆਂ ’ਚ 22 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਮੇਘਾਲਿਆ ਪੁਲਿਸ ਨੇ ਫਿਊਚਰ ਗੇਮਿੰਗ ’ਤੇ ਸੂਬੇ ’ਚ ਲਾਟਰੀ ਕਾਰੋਬਾਰ ’ਤੇ ਗ਼ੈਰ ਕਾਨੂੰਨੀ ਤੌਰ ’ਤੇ ਏਕਾਧਿਕਾਰ ਕਰਨ ਦਾ ਦੋਸ਼ ਲਗਾਇਆ ਸੀ । ਇਸ ਛਾਪੇਮਾਰੀ ਦੌਰਾਨ 12.41 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ ।

Related Post