 
                                              
                              ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅੱਠਵੇਂ ਦਿਨ ਜਿੱਥੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਅਤੇ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉੱਥੇ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਐਸਟੀਸੀ ਰਾਮਪੁਰ ਕਲੱਬ ਨੇ ਲਗਾਤਾਰ ਦੂਸਰੇ ਸਾਲ ਫਾਈਨਲ ਵਿੱਚ ਪਹੁੰਚਣ ਦਾ ਮਾਣ ਹਾਸਲ ਕੀਤਾ। ਜੂਨੀਅਰ ਵਰਗ ਦੇ ਖੇਡੇ ਗਏ ਪਹਿਲੇ ਸੈਮੀ ਫਾਈਨਲ ਮੁਕਾਬਲੇ ਵਿੱਚ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਅਤੇ ਏਕ ਨੂਰ ਅਕੈਡਮੀ ਤੇਹਿੰਗ ਵਿਚਕਾਰ ਹੋਏ ਮੁਕਾਬਲੇ ਵਿੱਚ ਫਾਈਨਲਟੀ ਸ਼ੂਟ ਆਊਟ ਵਿੱਚ ਅਮਰਗੜ੍ਹ 2-1 ਨਾਲ ਜੇਤੂ ਰਿਹਾ। ਅਮਰਗੜ੍ਹ ਅਕੈਡਮੀ ਦਾ ਪਰਵਿੰਦਰ ਸਿੰਘ ਮੈਨ ਆਫ ਦਿ ਮੈਚ ਬਣਿਆ। ਦੂਸਰੇ ਸੈਮੀ ਫਾਈਨਲ ਮੁਕਾਬਲੇ ਵਿੱਚ ਰਾਊਂਡ ਗਲਾਸ ਅਕੈਡਮੀ ਚਚਰਾੜੀ ਨੇ ਜਰਖੜ ਹਾਕੀ ਅਕੈਡਮੀ ਨੂੰ 6-4 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਚਚਰਾੜੀ ਅਕੈਡਮੀ ਦਾ ਦਿਲਪ੍ਰੀਤ ਸਿੰਘ ਮੈਨ ਆਫ ਦਿ ਮੈਚ ਬਣਿਆ। ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਜਰਖੜ ਹਾਕੀ ਅਕੈਡਮੀ ਨੂੰ ਪੈਨਲਟੀ ਸ਼ੂਟ ਆਊਟ ਵਿੱਚ 5-3 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਮੋਗਾ ਦਾ ਗੋਲਕੀਪਰ ਗੌਰਵ ਮੈਨ ਆਫ ਦਿ ਮੈਚ ਬਣਿਆ। ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਐਚਟੀਸੀ ਰਾਮਪੁਰ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 4-3 ਨਾਲ ਹਰਾਇਆ। ਰਾਮਪੁਰ ਦਾ ਕਰਨਵੀਰ ਸਿੰਘ ਮੈਨ ਆਫ ਦਿ ਮੈਚ ਐਲਾਨਿਆ ਗਿਆ। ਪਦਮ ਸ੍ਰੀ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ ਬੇਟੀ ਜਸਪ੍ਰੀਤ ਕੌਰ, ਬਲਜੀਤ ਕੌਰ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਅਨੂ ਸ਼ਰਮਾ, ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ,ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਕਰਨਲ ਜੇਐਸ ਗਿੱਲ, ਅਜੇਪਾਲ ਸਿੰਘ ਪੂਨੀਆ, ਪ੍ਰੋ. ਰਾਜਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     