post

Jasbeer Singh

(Chief Editor)

Patiala News

ਟਰੈਫਿਕ ਪੁਲਿਸ ਨੇ ਧੂਰੀ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਕੀਤੀ ਸ਼ੁਰੂ

post-img

ਟਰੈਫਿਕ ਪੁਲਿਸ ਨੇ ਧੂਰੀ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਕੀਤੀ ਸ਼ੁਰੂ ਧੂਰੀ/ਸੰਗਰੂਰ, 16 ਸਤੰਬਰ : ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇੰਚਾਰਜ ਟਰੈਫਿਕ ਜ਼ਿਲਾ ਪੁਲਿਸ ਸੰਗਰੂਰ ਥਾਣੇਦਾਰ ਪਵਨ ਕੁਮਾਰਦੀ ਅਗਵਾਈ ‘ਚ ਟੀਮ ਵਲੋਂ ਕਾਰਵਾਈ ਕਰਦੇ ਹੋਏ ਧੂਰੀ ਚੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਸੜਕ ਕਿਨਾਰੇ ਲਗਾਈਆਂ ਗਈਆਂ ਸਬਜ਼ੀ, ਜੂਸ ਤੇ ਫਾਸਟ ਫੂਡ ਦੀਆਂ ਰੇਹੜੀਆਂ ਵਾਲਿਆਂ ਨੂੰ ਨੋਟਿਸ ਦਿੰਦੇ ਹੋਏ ਜਲਦ ਨਾਜਾਇਜ਼ ਕਬਜ਼ੇ ਹਟਾਉਣ ਲਈ ਚੇਤਾਵਨੀ ਦਿੱਤੀ ਗਈ । ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਸ਼ਾਮ ਵੇਲੇ ਕੰਮਕਾਜ ਵਾਲੇ ਲੋਕਾਂ ਦੀ ਘਰ ਵਾਪਸੀ ਹੋਣ ਕਾਰਨ ਰੋਡ ਉਪਰ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਹੈ ਤੇ ਰੇਹੜੀਆਂ ਵਾਲਿਆਂ ਤੇ ਦੁਕਾਨਦਾਰਾਂ ਵੱਲੋਂ ਬਾਹਰ ਸਮਾਨ ਲਗਾ ਕੇ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਰੋਡ ਉਪਰ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਟੀਮ ਪਹਿਲਾਂ ਵੀ ਕਈ ਵਾਰ ਦੁਕਾਨਦਾਰਾਂ ਤੇ ਰੇਹੜੀਆਂ ਲਗਾਉਣ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਲਈ ਚੇਤਾਵਨੀ ਦੇ ਚੁੱਕੀ ਹੈ ਪਰ ਕੁਝ ਦਿਨਾਂ ਬਾਅਦ ਹਾਲ ਫਿਰ ਉਹੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੇਹੜੀਆਂ ਵਾਲਿਆਂ ਕਾਰਨ ਟ੍ਰੈਫਿਕ ਦੀ ਵਧਦੀ ਜਾ ਰਹੀ ਇਸ ਸਮੱਸਿਆ ਨੂੰ ਵੇਖਦਿਆਂ ਨਜਾਇਜ਼ ਕਬਜ਼ੇ ਕਰਵਾਉਣ ਵਾਲੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਨੋਟਿਸ ਜਾਰੀ ਕਰਦਿਆਂ ਰੇਹੜੀਆਂ ਸੜਕ ਤੋਂ ਪਿੱਛੇ ਹਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨੋਟਿਸ ਦੇਣ ਉਪਰੰਤ ਵੀ ਜੇਕਰ ਆਉਣ ਵਾਲੇ ਦਿਨਾਂ ’ਚ ਕਿਸੇ ਵੀ ਦੁਕਾਨਦਾਰ ਜਾਂ ਰੇਹੜੀ ਵਾਲੇ ਨੇ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ੇ ਕਰਦੇ ਹੋਏ ਟ੍ਰੈਫਿਕ ਸਮੱਸਿਆ ਵਧਾਈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਟਰੈਫਿਕ ਵਿੱਚ ਵਿਘਨ ਨਾ ਪਾਇਆ ਜਾਵੇ ਨਹੀਂ ਤਾਂ ਅਗਲੀ ਵਾਰ ਸਮਾਨ ਨੂੰ ਜ਼ਬਤ ਕਰ ਲਿਆ ਜਾਵੇਗਾ । ਟ੍ਰੈਫਿਕ ਪੁਲਿਸ ਵੱਲੋਂ ਮਾਰਕੀਟ ‘ਚ ਗਲਤ ਪਾਰਕਿੰਗ ਕਰਕੇ ਖੜੀਆਂ ਗੱਡੀਆਂ ਤੇ ਗਲਤ ਸਾਈਡ ਤੇ ਵ੍ਹੀਕਲ ਚਲਾ ਰਹੇ ਚਲਾਕਾਂ ਦੇ ਮੌਕੇ ਤੇ ਚਲਾਨ ਵੀ ਕੱਟੇ ਜਾ ਰਹੇ ਹਨ ।

Related Post