

ਹਸਪਤਾਲ ਵਿਚ ਭਰਤੀ ਹੋਈ ਕੁੜੀ ਦੀ ਮੌਤ ਤੇ ਹੋਇਆ ਹੰਗਾਮਾ ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ `ਚ ਕੁੜੀ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ ਅਤੇ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ ਗਈ।ਪਰਿਵਾਰਕ ਮੈਂਬਰਾਂ ਨੇ ਡਾਕਟਰਾਂ `ਤੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਕੁੜੀ ਦਾ ਨਾਮ ਕੇਸਰ ਭੱਟ ਹੈ ਜਿਸ ਦੀ ਬੀਤੇ ਦਿਨ ਹਸਪਤਾਲ `ਚ ਮੌਤ ਹੋ ਗਈ । ਪੀੜਤ ਪਰਿਵਾਰ ਨੇ ਕਿਹਾ ਕਿ 5 ਦਿਨ ਪਹਿਲਾਂ ਉਨ੍ਹਾਂ ਨੂੰ ਅਪਣੀ ਕੁੜੀ ਦੇ ਢਿੱਡ `ਚ ਪੱਥਰੀ ਹੋਣ ਦਾ ਸ਼ੱਕ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਇਸ ਹਸਪਤਾਲ `ਚ ਕੁੜੀ ਨੂੰ ਵਿਖਾਇਆ, ਜਿਸ ਤੇ ਡਾਕਟਰ ਨੇ ਕਿਹਾ ਕਿ ਤੁਹਾਡੀ ਲੜਕੀ ਨੂੰ ਪੀਲੀਆ ਹੈ ਅਤੇ ਇਸ ਦੇ ਸਟੰਟ ਵੀ ਪਾਉਣਾ ਪੈਣਾ ਹੈ। ਪਰਿਵਾਰ ਨੇ ਕਿਹਾ ਕਿ ਡਾਕਟਰਾਂ ਵੱਲੋਂ ਕੇਸਰ ਦੇ ਸਟੰਟ ਪਾਉਣ ਤੋਂ ਬਾਅਦ 5 ਦਿਨਾਂ ਬਾਅਦ ਦੁਬਾਰਾ ਛੁੱਟੀ ਦੇ ਦਿੱਤੀ ਪਰ ਜਦੋਂ ਉਨ੍ਹਾਂ ਦੀ ਕੁੜੀ ਨੂੰ ਮੁੜ ਦਰਦ ਉੱਠਿਆ ਤਾਂ ਉਨ੍ਹਾਂ ਨੇ ਘਰ ਦੇ ਨਜ਼ਦੀਕ ਇੱਕ ਡਾਕਟਰ ਨੂੰ ਦਿਖਾਇਆ ਤੇ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਦੇ ਤਾਂ ਕੋਈ ਸਟੰਟ ਪਾਇਆ ਹੀ ਨਹੀਂ ਗਿਆ। ਇਸ ਉਪਰੰਤ ਜਦੋਂ ਉਹ ਮੁੜ ਇਸ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਪੁੱਜੇ ਤਾਂ ਕੇਸਰ ਦੀ ਮੌਤ ਹੋ ਗਈ । ਇਸ ਸਬੰਧੀ ਹਸਪਤਾਲ ਦੇ ਡਾਕਟਰ ਆਖਿਆ ਹੈ ਕਿ ਜਦੋਂ ਉਨ੍ਹਾਂ ਕੋਲ ਮਰੀਜ਼ ਆਇਆ ਸੀ ਤੇ ਬਹੁਤ ਹੀ ਗੰਭੀਰ ਹਾਲਤ ਵਿੱਚ ਸੀ ਤੇ ਉਸਦੇ ਪੱਸ ਪਈ ਹੋਈ ਸੀ ਤੇ ਉਸ ਦੇ ਅੰਦਰ ਸਾਰਾ ਜ਼ਹਿਰ ਫੈਲਿਆ ਹੋਇਆ ਸੀ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਸਟੰਟ ਪਾਇਆ ਸੀ ਪਰ ਕਿਸੇ ਸਮੇਂ ਗਰਮੀ ਦੇ ਨਾਲ ਨਿਕਲ ਵੀ ਸਕਦਾ ਹੈ, ਜਿਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੁੜੀ ਆਪਣੇ ਆਪ 5 ਦਿਨ ਬਾਅਦ ਹਸਪਤਾਲ `ਚੋਂ ਗਾਇਬ ਹੋ ਗਈ ਸੀ ਤੇ ਹੁਣ ਉਲਟਾ ਦੋਸ਼ ਸਾਡੇ ਤੇ ਲਗਾਇਆ ਜਾ ਰਿਹਾ ਹੈ ਜੋ ਬਿਲਕੁਲ ਬੇਬੁਨਿਆਦਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਮੌਕੇ `ਤੇ ਪਹੰੁਚ ਕੇ ਜਾਂਚ ਕਰ ਰਹੇ ਹਨ ਤੇ ਡਾਕਟਰਾਂ ਨੇ ਦੱਸਿਆ ਕਿ ਸਵੇਰੇ ਕੁੜੀ ਨੂੰ ਇਲਾਜ ਲਈ ਲਿਆਂਦਾ ਗਿਆ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਸਿ਼ਕਾਇਤ ਨਹੀਂ ਦਰਜ ਕਰਵਾਈ ਗਈ ਪਰ ਮਾਮਲੇ ਵਿੱਚ ਜਿਸ ਦਾ ਵੀ ਕਸੂਰ ਹੋਏਗਾ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।