

ਪਟਿਆਲਾ ਲੋਕ ਸਭਾ ਹਲਕੇ ’ਚ ਅੱਜ ਵੋਟਾਂ ਪੈਣ ਦਾ ਮਹੱਤਵਪੂਰਨ ਕਾਰਜ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ, ਕਿਉਂਕਿ ਇਥੋਂ ਦੇ 18.06 ਲੱਖ ਵੋਟਰਾਂ ਵਿੱਚੋਂ ਕਰੀਬ 12 ਲੱਖ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ, ਇਥੋਂ ਦੇ ਸਮੂਹ 26 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿੱਤੀ। ਇਸ ਦਾ ਨਿਤਾਰਾ ਹੁਣ 4 ਜੂਨ ਦੀ ਖਿੜੀ ਦੁਪਹਿਰ ਹੀ ਕਰੇਗੀ। ਪਟਿਆਲਾ ਲੋਕ ਸਭਾ ਹਲਕੇ ’ਚ ਅੱਜ 62 ਫੀਸਦੀ ਪੋਲਿੰਗ ਹੋਈ ਹੈ। ਭਾਵੇਂ ਇਸ ਸਬੰਧੀ ਰਾਤੀ ਨੌਂ ਵਜੇ ਤੱਕ ਵੀ ਸਰਕਾਰੀ ਤੌਰ ’ਤੇ ਅੰਕੜੇ ਪ੍ਰਾਪਤ ਨਹੀਂ ਹੋ ਸਕੇ ਪ੍ਰੰਤੂ ਪੰਜਾਬੀ ਟ੍ਰਿਬਿਊਨ ਵੱਲੋਂ ਆਪਣੇ ਪੱਧਰ ’ਤੇ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਹਲਕੇ ਦੀਆਂ ਕਰੀਬ 18.06 ਲੱਖ ਵੋਟਾਂ ਵਿਚੋਂ ਸਵਾ 11 ਲੱਖ ਵੋਟਾਂ ਪੋਲ ਹੋਣ ਦਾ ਅਨੁਮਾਨ ਹੈ। ਜਿਸ ਦੀ ਅਨੁਮਾਨਤ ਪ੍ਰਤੀਸ਼ਤਤਾ 62 ਫੀਸਦੀ ਬਣਦੀ ਹੈ। ਸੰਸਦੀ ਸੀਟ ਵਿਚਲੇ ਨੌਂ ਹਲਕਿਆਂ ਵਿੱਚੋਂ ਸਭ ਤੋਂ ਵੱਧ, 70 ਫੀਸਦੀ ਪੋਲਿੰਗ ਡੇਰਾਬੱਸੀ ਹਲਕੇ ’ਚ ਹੋਈ ਹੈ, ਜਿੱਥੇ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ 3 ਲੱਖ ਵੋਟਰ ਹਨ। ਇਹ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦਾ ਹਲਕਾ ਹੈ। 66 ਫੀਸਦੀ ਪੋਲਿੰਗ ਨਾਲ ਦੂਜਾ ਨੰਬਰ ਸਮਾਣਾ ਦਾ ਆਉਂਦਾ ਹੈ। ਜਦ ਕਿ 64 ਫੀਸਦੀ ਨਾਲ ਰਾਜਪੁਰਾ ਦਾ ਤੀਜਾ ਨੰਬਰ ਰਿਹਾ। ਬਾਕੀ ਹਲਕਿਆਂ ਵਿੱਚ ਪਟਿਆਲਾ ਸ਼ਹਿਰੀ ਅਤੇ ਨਾਭਾ ਹਲਕੇ ’ਚ 62 ਫੀਸਦੀ, ਸਨੌਰ ਅਤੇ ਸ਼ੁਤਰਾਣਾ ’ਚ 60 ਫੀਸਦੀ, ਘਨੌਰ ’ਚ 56 ਅਤੇ ‘ਆਪ’ ਦੇ ਡਾ. ਬਲਬੀਰ ਦੇ ਹਲਕੇ ਪਟਿਆਲਾ ਦਿਹਾਤੀ ਹਲਕੇ ’ਚ ਸਭ ਤੋਂ ਘਟ 55 ਫੀਸਦੀ ਪੋਲਿੰਗ ਰਹੀ। ਇਸ ਸਬੰਧੀ ਬਿਲਕੁਲ ਮੁਕੰਮਲ ਸਥਿਤੀ ਸਰਕਾਰੀ ਵੇਰਵੇ ਨਸ਼ਰ ਹੋਣ ’ਤੇ ਹੀ ਲਗਾਈ ਜਾ ਸਕੇਗੀ। ਇਨ੍ਹਾਂ ਉਮੀਦਵਾਰਾਂ ’ਚ ਪ੍ਰਮੁੱਖ ਐੱਨਕੇ ਸ਼ਰਮਾ, ਧਰਮਵੀਰ ਗਾਂਧੀ, ਪ੍ਰਨੀਤ ਕੌਰ ਅਤੇ ਡਾ. ਬਲਬੀਰ ਸਮੇਤ ਜਗਜੀਤ ਛੜਬੜ ਅਤੇ ਪ੍ਰੋ. ਮਹਿੰਦਰਪਾਲ ਆਦਿ ਦੇ ਨਾਮ ਜ਼ਿਕਰਯੋਗ ਹਨ। ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਦਾ ਕੰਮ ਅਮਨ ਸਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ। ਸੰਸਦੀ ਹਲਕੇ ਵਿਚ ਕੁੱਲ ਫੀਸਦੀ ਵੋਟਿੰਗ ਹੋਈ ਹੈ। ਸੰਗਰੂਰ ਸੰਸਦੀ ਹਲਕੇ ’ਚ ਸ਼ਾਮ ਪੰਜ ਵਜੇ ਤੱਕ 57.21 ਫੀਸਦੀ ਵੋਟਿੰਗ ਹੋ ਚੁੱਕੀ ਸੀ ਜਦੋਂ ਕਿ ਵੋਟਿੰਗ ਦਾ ਕੰਮ ਜਾਰੀ ਸੀ। ਸੰਗਰੂਰ ਸੰਸਦੀ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸ਼ਾਮ ਪੰਜ ਵਜੇ ਤੱਕ ਸਭ ਤੋਂ ਵੱਧ 62.5 ਫੀਸਦੀ ਵੋਟਿੰਗ ਰਿਜ਼ਰਵ ਹਲਕਾ ਦਿੜ੍ਹਬਾ ਵਿੱਚ ਹੋਈ ਹੈ ਜੋ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਹਲਕਾ ਹੈ। ਇਸਤੋਂ ਇਲਾਵਾ ਹਲਕਾ ਲਹਿਰਾ ਵਿੱਚ 62.1 ਫੀਸਦੀ ਵੋਟਿੰਗ ਹੋਈ। ਸਭ ਤੋਂ ਘੱਟ ਸੰਗਰੂਰ ਵਿਧਾਨ ਸਭਾ ਹਲਕੇ ਵਿਚ 53.49 ਫੀਸਦੀ ਵੋਟਿੰਗ ਹੋਈ ਹੈ। ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਵੀ ਸ਼ਾਮ ਪੰਜ ਵਜੇ ਤੱਕ 54.25 ਫੀਸਦੀ ਵੋਟਿੰਗ ਅਤੇ ‘ਆਪ’ ਉਮੀਦਵਾਰ ਮੀਤ ਹੇਅਰ ਦੇ ਹਲਕਾ ਬਰਨਾਲਾ ਵਿੱਚ 53.79 ਫੀਸਦੀ ਵੋਟਿੰਗ ਹੋਈ ਹੈ। ਸੰਗਰੂਰ ਸੰਸਦੀ ਹਲਕੇ ਦੀ ਚੋਣ ਲਈ ਕੁੱਲ 23 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ ਅਤੇ 4 ਜੂਨ ਨੂੰ ਨਤੀਜੇ ਆਉਣਗੇ। ਲੋਕ ਸਭਾ ਹਲਕੇ ਦੇ ਚੋਣ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਨੁਸਾਰ ਸ਼ਾਮ ਪੰਜ ਵਜੇ ਤੱਕ ਹਲਕੇ ਵਿਚ ਕੁੱਲ 57.21 ਫੀਸਦੀ ਵੋਟਿੰਗ ਹੋਈ ਹੈ ਜਿਸ ਵਿੱਚੋਂ ਵਿਧਾਨ ਸਭਾ ਹਲਕਾ ਦਿੜ੍ਹਬਾ ’ਚ 62.5 ਫੀਸਦੀ ਵੋਟਿੰਗ, ਹਲਕਾ ਲਹਿਰਾ ਵਿਚ 62.1 ਫੀਸਦੀ ਵੋਟਿੰਗ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਧਾਨ ਸਭਾ ਹਲਕਾ ਸੁਨਾਮ ਵਿੱਚ 58.3 ਫੀਸਦੀ ਵੋਟਿੰਗ, ਹਲਕਾ ਭਦੌੜ ਵਿਚ 55.5 ਫੀਸਦੀ ਵੋਟਿੰਗ, ਹਲਕਾ ਬਰਨਾਲਾ ਵਿੱਚ 53.79 ਫੀਸਦੀ ਵੋਟਿੰਗ, ਹਲਕਾ ਮਹਿਲ ਕਲਾਂ ਵਿਚ 54.5 ਫੀਸਦੀ ਵੋਟਿੰਗ, ਹਲਕਾ ਮਾਲੇਰਕੋਟਲਾ ਵਿਚ 60.2 ਫੀਸਦੀ ਵੋਟਿੰਗ, ਹਲਕਾ ਧੂਰੀ ਵਿਚ 54.25 ਫੀਸਦੀ ਵੋਟਿੰਗ ਅਤੇ ਹਲਕਾ ਸੰਗਰੂਰ ਵਿਚ 53.49 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਦੀ ਇਹ ਰਿਪੋਰਟ ਸ਼ਾਮ ਪੰਜ ਵਜੇ ਤੱਕ ਦੀ ਹੈ ਜਦੋਂ ਕਿ ਮੁਕੰਮਲ ਰਿਪੋਰਟ ਦੇਰ ਰਾਤ ਤੱਕ ਮਿਲਣ ਦੀ ਸੰਭਾਵਨਾ ਹੈ। ਸ਼ਾਮ ਪੰਜ ਵਜੇ ਮੌਸਮ ’ਚ ਆਈ ਅਚਾਨਕ ਤਬਦੀਲੀ ਨੇ ਵੀ ਲੋਕਾਂ ਨੂੰ ਰਾਹਤ ਦਿੱਤੀ ਹੈ।