ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਵੋਟਾਂ ਦਾ ਅਮਲ ਸਫ਼ਲਤਾ ਪੂਰਵਕ ਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ-ਡਾ. ਪ੍ਰੀਤੀ ਯਾਦਵ
- by Jasbeer Singh
- December 14, 2025
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਵੋਟਾਂ ਦਾ ਅਮਲ ਸਫ਼ਲਤਾ ਪੂਰਵਕ ਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ-ਡਾ. ਪ੍ਰੀਤੀ ਯਾਦਵ -ਡਿਪਟੀ ਕਮਿਸ਼ਨਰ ਵੱਲੋਂ ਪੋਲਿੰਗ ਸਟੇਸ਼ਨਾਂ ਦਾ ਦੌਰਾ, ਚੋਣ ਅਮਲੇ ਤੇ ਵੋਟਰਾਂ ਨਾਲ ਗੱਲਬਾਤ -ਜ਼ਿਲ੍ਹਾ ਪਰਿਸ਼ਦ ਲਈ 113 ਤੇ ਪੰਚਾਇਤ ਸੰਮਤੀਆਂ ਦੇ 606 ਉਮੀਦਵਾਰਾਂ ਨੂੰ ਪਈਆਂ ਵੋਟਾਂ ਬਕਸਿਆਂ 'ਚ ਬੰਦ, ਵੋਟਾਂ ਦੀ ਗਿਣਤੀ 17 ਦਸੰਬਰ ਨੂੰ-ਡਾ. ਪ੍ਰੀਤੀ ਯਾਦਵ -ਡੀ. ਸੀ. ਵੱਲੋਂ ਚੋਣ ਅਮਲ ਸ਼ਾਂਤਮਈ ਢੰਗ ਨਾਲ ਪੂਰਾ ਹੋਣ 'ਤੇ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ -ਏ. ਡੀ. ਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਤੇ ਸਮੂਹ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੀ ਪੋਲਿੰਗ ਸਟੇਸ਼ਨਾਂ ਦਾ ਜਾਇਜ਼ਾ ਪਟਿਆਲਾ, 14 ਦਸੰਬਰ 2025 : ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 184 ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਲਈ ਵੋਟਰਾਂ ਉਤਸ਼ਾਹ ਨਾਲ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਜ਼ਿਲ੍ਹੇ ਦੇ ਪਿੰਡਾਂ ਅੰਦਰ 941 ਪੋਲਿੰਗ ਸਟੇਸ਼ਨਾਂ ਵਿਖੇ ਬਣਾਏ 1341 ਪੋਲਿੰਗ ਬੂਥਾਂ ਵਿੱਚ ਜਾਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ । ਇਸ ਦੌਰਾਨ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਡਾ. ਪ੍ਰੀਤੀ ਯਾਦਵ ਨੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਚੋਣ ਅਮਲ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜ਼ਿਲ੍ਹੇ ਦੇ ਵੋਟਰਾਂ, ਚੋਣ ਲੜ੍ਹ ਰਹੇ ਉਮੀਦਵਾਰਾਂ ਤੇ ਇਸ ਚੋਣ ਅਮਲ ਨੂੰ ਨੇਪਰੇ ਚਾੜ੍ਹਨ 'ਚ ਲੱਗੇ ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਹੋਰ ਅਮਲੇ ਫੈਲੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਪਾਰਦਸ਼ਤਾ ਨਾਲ ਨਿਰਪੱਖ ਰਹਿਕੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਇਹ ਚੋਣਾਂ ਕਰਵਾਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸੰਮਤੀਆਂ ਲਈ 606 ਅਤੇ ਜ਼ਿਲ੍ਹਾ ਪਰਿਸ਼ਦ ਲਈ 113 ਉਮੀਦਵਾਰ ਮੈਦਾਨ 'ਚ ਸਨ, ਜਿਨ੍ਹਾਂ ਨੂੰ ਬੈਲਟ ਪੇਪਰਾਂ ਰਾਹੀਂ ਪਈਆਂ ਵੋਟਾਂ ਬਕਸਿਆਂ 'ਚ ਸੀਲਬੰਦ ਕਰਕੇ ਹਰ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਨਿਰਧਾਰਤ ਸਟਰਾਂਗ ਰੂਮਜ਼ 'ਚ ਰਖਵਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕਰਵਾਈ ਜਾਵੇਗੀ ਅਤੇ ਉਸੇ ਦਿਨ ਨਤੀਜਾ ਐਲਾਨਿਆ ਜਾਵੇਗਾ। ਇਸ ਲਈ ਭੁਨਰਹੇੜੀ ਤੇ ਸਨੌਰ ਬਲਾਕਾਂ ਦੇ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਬਹੁਤਕਨੀਕੀ ਕਾਲਜ ਐਸ.ਐਸ.ਟੀ ਨਗਰ ਵਿਖੇ, ਪਟਿਆਲਾ ਬਲਾਕ ਸੰਮਤੀ ਲਈ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਮਹਿੰਦਰਾ ਕਾਲਜ ਵਿਖੇ, ਪਟਿਆਲਾ ਦਿਹਾਤੀ ਲਈ ਗਿਣਤੀ ਕੇਂਦਰ ਤੇ ਸਟਰਾਂਗ ਰੂਮ ਸਰਕਾਰੀ ਆਈ.ਟੀ.ਆਈ. ਨਾਭਾ ਰੋਡ ਵਿਖੇ, ਘਨੌਰ ਤੇ ਸ਼ੰਭੂ ਕਲਾਂ ਬਲਾਕਾਂ ਲਈ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਯੂਨੀਵਰਸਿਟੀ ਕਾਲਜ ਘਨੌਰ ਵਿਖੇ, ਨਾਭਾ ਬਲਾਕ ਲਈ ਰਿਪੁਦਮਨ ਕਾਲਜ ਨਾਭਾ, ਸਮਾਣਾ ਲਈ ਪਬਲਿਕ ਕਾਲਜ ਸਮਾਣਾ ਤੇ ਪਾਤੜਾਂ ਲਈ ਕਿਰਤੀ ਕਾਲਜ ਨਿਆਲ ਵਿਖੇ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਬਣਾਏ ਗਏ ਹਨ। ਡਾ. ਪ੍ਰੀਤੀ ਯਾਦਵ ਨੇ ਹੋਰ ਦੱਸਿਆ ਕਿ ਭੁਨਰਹੇੜੀ ਬਲਾਕ 'ਚ 25 ਉਮੀਦਵਾਰ, ਸਨੌਰ ਬਲਾਕ 'ਚ 47 ਉਮੀਦਾਰ, ਨਾਭਾ ਬਲਾਕ 'ਚ 83, ਪਟਿਆਲਾ ਬਲਾਕ ਸੰਮਤੀ ਲਈ 52, ਪਟਿਆਲਾ ਦਿਹਾਤੀ ਬਲਾਕ 'ਚ 72, ਪਾਤੜਾਂ ਬਲਾਕ 'ਚ 99, ਰਾਜਪੁਰਾ ਬਲਾਕ 'ਚ 58, ਸਮਾਣਾ ਬਲਾਕ 'ਚ 52, ਘਨੌਰ ਬਲਾਕ 'ਚ 58 ਤੇ ਸ਼ੰਭੂ ਕਲਾਂ ਬਲਾਕ ਵਿਖੇ 60 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀਆਂ ਦੇ 15 ਚੋਣ ਹਲਕਿਆਂ ਤੋਂ ਉਮੀਦਵਾਰਾਂ ਦੀ ਚੋਣ ਨਿਰਵਿਰੋਧ ਹੋ ਗਈ ਜਦੋਂਕਿ ਬਾਕੀ ਰਹਿੰਦੇ 169 ਚੋਣ ਹਲਕਿਆਂ ਲਈ ਅੱਜ ਪਈਆਂ ਵੋਟਾਂ 'ਚ ਜ਼ਿਲ੍ਹੇ ਦੇ ਵੋਟਰਾਂ ਨੇ ਸ਼ਾਂਤਮਈ ਢੰਗ ਨਾਲ ਆਪਣੀਆਂ ਵੋਟਾਂ ਪਾਈਆਂ। ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਵੋਟਾਂ ਪੈਣ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਵੋਟਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੇ ਅਜ਼ਾਦਾਨਾ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਇਸ ਤੋਂ ਬਿਨ੍ਹਾਂ ਜ਼ਿਲ੍ਹਾ ਪਰਿਸ਼ਦ ਦੇ ਰਿਟਰਨਿੰਗ ਅਧਿਕਾਰੀ ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ, ਬਲਾਕ ਸੰਮਤੀ ਨਾਭਾ ਦੇ ਰਿਟਰਨਿੰਗ ਅਧਿਕਾਰੀ ਐਸ.ਡੀ.ਐਮ ਨਾਭਾ ਕੰਨੂ ਗਰਗ, ਭੁਨਰਹੇੜੀ ਦੇ ਆਰ.ਓ. ਏ.ਐਮ.ਡੀ. ਪੀ.ਆਰ.ਟੀ.ਸੀ. ਨਵਦੀਪ ਕੁਮਾਰ, ਰਾਜਪੁਰਾ ਦੇ ਆਰ.ਓ. ਐਸ.ਡੀ.ਐਮ. ਨਮਨ ਮਾਰਕੰਨ, ਪਟਿਆਲਾ ਦੇ ਐਸ. ਡੀ. ਐਮ. ਹਰਜੋਤ ਕੌਰ ਮਾਵੀ, ਸਮਾਣਾ ਦੇ ਐਸ.ਡੀ.ਐਮ. ਰਿਚਾ ਗੋਇਲ, ਪਾਤੜਾਂ ਦੇ ਐਸ.ਡੀ.ਐਮ. ਅਸ਼ੋਕ ਕੁਮਾਰ, ਦੂਧਨਸਾਧਾਂ ਦੇ ਐਸ.ਡੀ.ਐਮ ਤੇ ਸਨੌਰ ਦੇ ਆਰ.ਓ ਸੁਖਪਾਲ ਸਿੰਘ, ਪਟਿਆਲਾ ਦਿਹਾਤੀ ਸੰਮਤੀ ਦੇ ਆਰ.ਓ. ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰ ਵਨੀਤ ਸਿੰਗਲਾ, ਘਨੌਰ ਦੇ ਆਰ.ਓ. ਬਿਜਲੀ ਨਿਗਮ ਦੇ ਵਧੀਕ ਐਸ.ਈ. ਧਰਮਵੀਰ ਕਮਲ ਅਤੇ ਸ਼ੰਭੂ ਕਲਾਂ ਦੇ ਆਰ.ਓ. ਬੀ.ਐਮ.ਐਲ. ਦੇ ਕਾਰਜਕਾਰੀ ਇੰਜੀਨੀਅਰ ਗੁਰਸ਼ਰਨ ਸਿੰਘ ਵਿਰਕ ਨੇ ਵੀ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਪੋਲਿੰਗ ਪ੍ਰਕ੍ਰਿਆ ਦਾ ਜਾਇਜ਼ਾ ਲਿਆ।
