

ਭਾਰਤ ਤੇ ਬੰਗਲਾਦੇਸ਼ ਦੇ ਹਾਲਾਤ ਵਿੱਚ ਕੋਈ ਫ਼ਰਕ ਨਹੀਂ : ਮਹਿਬੂਬਾ ਜੰਮੂ : ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਹਾਲ ਹੀ ਵਿੱਚ ਹੋਏ ਮਸਜਿਦਾਂ ਦੇ ਸਰਵੇਖਣ ’ਤੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਉਸੇ ਤਰ੍ਹਾਂ ਜ਼ੁਲਮ ਹੋ ਰਹੇ ਹਨ ਜਿਵੇਂ ਕਿ ਭਾਰਤ ਵਿੱਚ ਘੱਟ ਗਿਣਤੀਆਂ ’ਤੇ। ਉੱਧਰ, ਭਾਜਪਾ ਨੇ ਪੀ. ਡੀ. ਪੀ. ਮੁਖੀ ਵੱਲੋਂ ਬੰਗਲਾਦੇਸ਼ ਦੇ ਹਾਲਾਤ ਦੀ ਤੁਲਨਾ ਭਾਰਤ ਨਾਲ ਕਰਨ ਸਬੰਧੀ ਟਿੱਪਣੀਆਂ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਦੇਸ਼ ਵਿੱਚ ਜ਼ਿਆਦਾਤਰ ਹਿੰਦੂ ਧਰਮ ਨਿਰਪੱਖ ਹਨ । ਉਨ੍ਹਾਂ ਕਿਹਾ ਕਿ ਦੇਸ਼ ਨੂੰ ਮੁੜ ਤੋਂ 1947 ਵਰਗੇ ਹਾਲਾਤ ਵੱਲ ਧੱਕਿਆ ਜਾ ਰਿਹਾ ਹੈ । ਉੱਧਰ, ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਭਾਰਤ ਦੀ ਤੁਲਨਾ ਬੰਗਲਾਦੇਸ਼ ਨਾਲ ਕਰਨ ’ਤੇ ਮਹਿਬੂਬਾ ਦੀ ਨਿਖੇਧੀ ਕੀਤੀ । ਉਨ੍ਹਾਂ ਪੀਡੀਪੀ ਮੁਖੀ ਦੀ ਟਿੱਪਣੀ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ।