
ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ 7 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
- by Jasbeer Singh
- October 16, 2025

ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ 7 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ ਆਪ ਸਰਕਾਰ ਨੇ ਏਡਿਡ ਸਕੂਲਾਂ ਦੇ ਸਟਾਫ ਦਾ ਕੱਢਿਆ ਦਿਵਾਲਾ : ਮਦਨੀਪੁਰ ਅਧਿਆਪਕਾਂ ਵਲੋਂ 18 ਨੂੰ ਤਰਨਤਾਰਨ ਵਿਖੇ ਮੋਰਚਾ ਖੋਲ੍ਹ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ 16 ਅਕਤੂਬਰ 2025 : ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪਿਛਲੇ 7 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ । ਜਿਸ ਕਰਕੇ ਇਹਨਾਂ ਸਕੂਲਾਂ ਦੇ ਮੁਲਾਜ਼ਮਾਂ ਨੇ ਗੂੰਗੀ ਤੇ ਬੋਲੀ ਸਰਕਾਰ ਦੇ ਖਿਲਾਫ 18 ਅਕਤੂਬਰ ਨੂੰ ਤਰਨਤਾਰਨ ਵਿਖੇ ਮੋਰਚਾ ਖੋਲ੍ਹ ਕੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ । ਇਸ ਸਬੰਧੀ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਸਿੱਖਿਆ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਵਾਰ ਵਾਰ ਮੀਟਿੰਗਾਂ ਕਰਨ ‘ਤੇ ਵੀ ਇਹਨਾਂ ਸਕੂਲਾਂ ਵਿਚ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਮਾਰਚ 2025 ਤੋਂ ਬਾਅਦ ਤਨਖਾਹ ਗ੍ਰਾਂਟ ਜਾਰੀ ਨਹੀ ਕੀਤੀ ਗਈ । ਉਹਨਾਂ ਕਿਹਾ ਕਿ ਏਡਿਡ ਸਕੂਲਾਂ ਦੀਆਂ ਮੈਨੇਜਮੈਂਟਾਂ ਦੇ ਆਡਿਟ ਦੇ ਨਾਮ ਤੇ ਮੁਲਾਜ਼ਮਾਂ ਦੀ ਤਨਖਾਹ ਲੰਬੇ ਸਮੇਂ ਤੋਂ ਰੋਕੀ ਗਈ ਹੈ। ਜਦਕਿ ਵਿਭਾਗ ਕੋਲ ਆਡਿਟ ਕਰਨ ਲਈ ਲੋੜੀਂਦਾ ਸਟਾਫ ਵੀ ਨਹੀਂ ਹੈ । ਸਿੱਖਿਆ ਵਿਭਾਗ ਕੋਲ ਸ਼ੈਕਸ਼ਨ ਅਫਸਰਾਂ ਦੀ ਘਾਟ ਦਾ ਖਮਿਆਜ਼ਾ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ 1967 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੂਬਾ ਸਰਕਾਰ ਨੇ ਪ੍ਰਬੰਧਕ ਕਮੇਟੀਆਂ ਦੇ ਆਡਿਟ ਦੇ ਬਹਾਨੇ ਬਣਾ ਕੇ ਸਟਾਫ ਦੀ ਗ੍ਰਾਂਟ ਰੋਕੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਏਡਿਡ ਸਕੂਲਾਂ ਨੂੰ ਬੰਦ ਕਰਨ ਦੀ ਸਾਜਿਸ਼ ਰਚ ਰਹੀ ਹੈ । ਉਹਨਾਂ ਕਿਹਾ ਕਿ ਦੁਸਹਿਰਾ ਤੇ ਦੀਵਾਲੀ ਵਰਗੇ ਤਿਉਹਾਰ ਵੀ ਬਿਨ੍ਹਾ ਤਨਖਾਹ ਮਿਲੇ ਲੰਘ ਰਹੇ ਹਨ । ਉਹਨਾਂ ਆਖਿਆ ਕਿ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮ ਵਰਗ ਦੀ ਆਰਥਿਕ ਹਾਲਤ ਵਿਗੜ ਚੁੱਕੀ ਹੈ ਪਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਅਧਿਆਪਕਾਂ ਨੂੰ ਤਨਖਾਹ ਦੇਣ ਤੋਂ ਵੀ ਇਨਕਾਰੀ ਹੈ । ਉਹਨਾਂ ਕਿਹਾ ਕਿ ਜਥੇਬੰਦੀ ਵਲੋਂ ਮੰਤਰੀਆਂ ਤੇ ਅਫਸਰਾਂ ਨੂੰ ਵਾਰ ਵਾਰ ਬੇਨਤੀ ਕਰਨ ਤੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਲਾਰਿਆਂ ਤੋਂ ਬਿਨਾਂ ਕੱਖ ਵੀ ਪੱਲੇ ਨਹੀਂ ਪਿਆ । ਮਦਨੀ ਪੁਰ ਨੇ ਕਿਹਾ ਕਿ ਤਨਖਾਹਾਂ ਨਾ ਦੇਣਾ ਗੈਰ ਮਨੁੱਖੀ ਵਤੀਰੇ ਤੋਂ ਘੱਟ ਨਹੀਂ ਹੈ ਜੋ ਕਿ ਪੜ੍ਹੇ ਲਿਖੇ ਵਰਗ ਨਾਲ ਸ਼ਰੇਆਮ ਧੱਕਾ ਹੈ । ਇਸ ਮੌਕੇ ਉਹਨਾਂ ਮਨੁਖੀ ਅਧਿਕਾਰ ਆਯੋਗ ਨੂੰ ਵੀ ਅਪੀਲ ਕੀਤੀ ਕਿ ਤਨਖਾਹ ਦੀ ਗਰਾਂਟ ਨਾ ਦੇਣ ਵਿਚ ਦੇਰੀ ਕਰਨ ਵਾਲਿਆਂਦੀ ਜਿੰਮੇਵਾਰੀ ਫਿਕਸ ਕੀਤੀ ਜਾਵੇ । ਉਹਨਾਂ ਆਖਿਆ ਕਿ ਏਡਿਡ ਸਕੂਲਾਂ ਵਿਚ 1.76 ਲੱਖ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਗੁਰੂਜਨ ਦੀਵਾਲੀ ਵਰਗੇ ਪਵਿੱਤਰ ਤਿਉਹਾਰ ਮੌਕੇ ਵੀ ਭੁੱਖੇ ਢਿੱਡ ਗੁਜ਼ਾਰਾ ਕਰ ਰਹੇ ਹਨ । ਉਹਨਾਂ ਕਿਹਾ ਕਿ ਅਧਿਆਪਕ ਵਰਗ ਹੁਣ ਆਪਣਾ ਗੁੱਸਾ ਤਰਨਤਾਰਨ ਜ਼ਿਮਨੀ ਚੋਣ ਵਿਚ ਕੱਢਣ ਲਈ ਮਜਬੂਰ ਹੋ ਚੁੱਕਾ ਹੈ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।