

ਭਾਰਤੀ ਰਿਜ਼ਰਵ ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੁੰਬਈ, 13 ਦਸੰਬਰ : ਭਾਰਤ ਦੇ ਵਿੱਤੀ ਮਹਾਨਗਰ ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਸ਼ੁੱਕਰਵਾਰ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ । ਪੁਲਸ ਨੇ ਬੰਬ ਦੀ ਧਮਕੀ ਦੇਣ ਦੇ ਮਾਮਲੇ ’ਚ ਅਣਪਛਾਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ ’ਤੇ ਇੱਕ ਧਮਕੀ ਭਰੀ ਈਮੇਲ ਮਿਲੀ ਸੀ । ਈਮੇਲ ਰੂਸੀ ਭਾਸ਼ਾ ਵਿੱਚ ਸੀ, ਬੈਂਕ ਨੂੰ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ । ਮੁੰਬਈ ਪੁਲਸ ਦੇ ਜ਼ੋਨ 1 ਦੇ ਡੀ. ਸੀ. ਪੀ. ਨੇ ਕਿਹਾ ਕਿ ਮਾਤਾ ਰਾਮਾਬਾਈ ਮਾਰਗ (ਐਮ. ਆਰ. ਏ. ਮਾਰਗ) ਪੁਲਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ । ਇਸ ਤੋਂ ਪਹਿਲਾਂ ਅੱਜ ਤੜਕਸਾਰ ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋ ਚੁੱਕੀ ਹੈ । ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਸ਼ਾਸਤ ਕੇਂਦਰ ਸਰਕਾਰ ਸੁਰੱਖਿਆ ਪ੍ਰਦਾਨ ਕਰਨ ਦੇ ਆਪਣੇ ਕੰਮ ‘ਚ ਅਸਫਲ ਰਹੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿੰਦਾ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕਾਨੂੰਨ ਵਿਵਸਥਾ ਦੀ ਇੰਨੀ ਮਾੜੀ ਹਾਲਤ ਕਦੇ ਨਹੀਂ ਦੇਖੀ ਹੈ ।