
ਅਮਰੀਕੀ ਯਾਤਰਾ ਦੌਰਾਨ ਸਿੱਖਾਂ ਬਾਰੇ ਟਿੱਪਣੀ ਮਾਮਲੇ ’ਚ ਰਾਹੁਲ ਖਿ਼ਲਾਫ਼ ਤਿੰਨ ਕੇਸ ਦਰਜ
- by Jasbeer Singh
- September 21, 2024

ਅਮਰੀਕੀ ਯਾਤਰਾ ਦੌਰਾਨ ਸਿੱਖਾਂ ਬਾਰੇ ਟਿੱਪਣੀ ਮਾਮਲੇ ’ਚ ਰਾਹੁਲ ਖਿ਼ਲਾਫ਼ ਤਿੰਨ ਕੇਸ ਦਰਜ ਰਾਏਪੁਰ : ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਹਾਲ ਹੀ ਵਿੱਚ ਅਮਰੀਕਾ ਯਾਤਰਾ ਦੌਰਾਨ ਕੀਤੀਆਂ ਟਿੱਪਣੀਆਂ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਛੱਤੀਸਗੜ੍ਹ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲੀਸ ਨੇ ਦੱਸਿਆ ਕਿ ਗਾਂਧੀ ਖ਼ਿਲਾਫ਼ ਦੁਰਗ ਜ਼ਿਲ੍ਹੇ ਦੇ ਕੋਤਵਾਲੀ ਥਾਣੇ ’ਚ ਅੱਜ ਕੇਸ ਦਰਜ ਕੀਤਾ ਗਿਆ ਹੈ, ਜਦਕਿ ਬੀਤੇ ਦਿਨ ਬਿਲਾਸਪੁਰ ਦੇ ਸਿਵਲ ਲਾਈਨਜ਼ ਥਾਣੇ ਅਤੇ ਰਾਏਪੁਰ ਦੇ ਸਿਵਲ ਲਾਈਨਜ਼ ਥਾਣੇ ’ਚ ਵੀ ਦੋ ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਹਾਕਮ ਧਿਰ ਭਾਜਪਾ ਦੇ ਆਗੂਆਂ ਦੀਆਂ ਸ਼ਿਕਾਇਤਾਂ ’ਤੇ ਦੋਵੇਂ ਕੇਸ ਦਰਜ ਕੀਤੇ ਗਏ ਹਨ। ਪਾਰਟੀ ਦੇ ਆਗੂਆਂ ਵੱਲੋਂ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਥਾਣਿਆਂ ’ਚ ਵੀ ਅਜਿਹੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗਾਂਧੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 299 ਤੇ 302 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਤਹਿਤ ਕੇਸ ਦਰਜ ਕੀਤੇ ਗਏ ਹਨ। ਭਾਜਪਾ ਦੇ ਸੂਬਾਈ ਤਰਜਮਾਨ ਅਮਰਜੀਤ ਸਿੰਘ ਛਾਬੜਾ ਨੇ ਰਾਏਪੁਰ ਦੇ ਸਿਵਲ ਲਾਈਨਜ਼ ਥਾਣੇ ’ਚ ਦਰਜ ਕਰਵਾਈ ਆਪਣੀ ਸ਼ਿਕਾਇਤ ’ਚ ਕਿਹਾ ਕਿ ਗਾਂਧੀ ਦੇ ਬਿਆਨ ਨਾਲ ਭਾਰਤ ’ਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਸਿੱਖਾਂ ਨੂੰ ਦਸਤਾਰ ਸਜਾਉਣ, ਕੜਾ ਪਾਉਣ ਤੇ ਗੁਰਦੁਆਰੇ ਜਾਣ ’ਤੇ ਰੋਕ ਨਹੀਂ ਹੈ।