 
                                              
                              ਤਿੰਨ ਮੰਜਿ਼ਲਾ ਇਮਾਰਤ ਦੇ ਢਹਿ ਢੇਰੀ ਹੋਣ ਦੇ ਚਲਦਿਆਂ ਤਿੰਨ ਦੀ ਮੌਤ ਅਹਿਮਦਾਬਾਦ, 24 ਜੁਲਾਈ : ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਜਾਮ ਖੰਭਾਲੀਆ ਕਸਬੇ ਵਿੱਚ ਭਾਰੀ ਬਾਰਿਸ਼ ਦੌਰਾਨ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ, ਜਿਸ ਕਾਰਨ ਇੱਕ ਬਜ਼ੁਰਗ ਔਰਤ ਅਤੇ ਉਸ ਦੀਆਂ ਦੋ ਪੋਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਗਗਵਾਨੀ ਫਲੀ ਇਲਾਕੇ ਵਿਚ ਕਰੀਬ ਛੇ ਘੰਟੇ ਚੱਲੇ ਰਾਹਤ ਕਾਰਜਾਂ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਬਚਾਇਆ ਗਿਆ ਜਦਕਿ ਤਿੰਨ ਦੀ ਮੌਤ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਐੱਨਡੀਆਰਐੱਫ ਦੀਆਂ ਟੀਮਾਂ ਅਤੇ ਅੱਗ ਬੁਝਾਉ ਦਸਤਿਆਂ ਵੱਲੋਂ ਇਮਾਰਤ ਦੇ ਮਲਬੇ ਨੂੰ ਛੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਹਟਾਇਆ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ ਅਤੇ ਡੈਮ ਓਵਰਫਲੋ ਹੋ ਗਏ ਹਨ ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     