ਸਿਲੰਡਰ ਫਟਣ ਕਾਰਨ ਤਿੰਨ ਔਰਤਾਂ ਦੀ ਮੌਤ ਫਤਿਹਗੜ੍ਹ ਸਾਹਿਬ : ਜਿ਼ਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਸਤਫਾਬਾਦ ਵਿਖੇ ਇਕ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਲਈ ਰਾਤ ਦਾ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਜਾਣ ਕਾਰਨ ਧਮਾਕਾ ਹੋਣ ਕਾਰਨ ਇਕ ਔਰਤ ਦੀ ਜਿਥੇ ਪਹਿਲਾਂ ਮੌਤ ਹੋ ਗਈ ਸੀ, ਉੱਥੇ ਹੀ ਅੱਗ ਦੀ ਲਪੇਟ ਵਿਚ ਬੁਰੀ ਤਰ੍ਹਾਂ ਝੁਲਸੀਆਂ ਦੋ ਹੋਰ ਔਰਤਾਂ ਵੀ ਇਲਾਜ ਦੌਰਾਨ ਦਮ ਤੋੜ ਗਈਆਂ। ਕੁੱਲ ਤਿੰਨ ਮੌਤਾਂ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਬਾਕੀ ਰਹਿੰਦੇ ਤਿੰਨ ਗੰਭੀਰ ਰੂਪ ਵਿਚ ਹੋਏ ਜ਼ਖ਼ਮੀਆਂ ਦਾ ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਹੈ।ਉਧਰ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦਾ ਸਾਦੇ ਢੰਗ ਨਾਲ ਵਿਆਹ ਕਰਕੇ ਲੜਕੀ ਦੇ ਸਹੁਰੇ ਘਰ ਵਿਦਾ ਕਰ ਦਿੱਤਾ ਗਿਆ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਉਹਨਾਂ ਦੇ ਕਾਰਨ ਪਿੰਡ ਦੀਆਂ ਹੋਈਆਂ ਇਨ੍ਹਾਂ ਮੌਤਾਂ ਲਈ ਬੇਹਦ ਦੁੱਖ ਹੈ । ਲੜਕੀ ਦੇ ਚਾਚਾ ਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹੋਏ ਵਿਆਹ ਸਮਾਰੋਹ ਨੂੰ ਸਧਾਰਨ ਤਰੀਕੇ ਨਾਲ ਸੰਪੰਨ ਕੀਤਾ ਗਿਆ। ਇਕ ਪਾਸੇ ਜਿੱਥੇ ਡੋਲੀ ਚੁਕੀ ਜਾ ਰਹੀ ਸੀ, ਉੱਥੇ ਪਿੰਡ ’ਚ ਮਾਤਮ ਛਾਇਆ ਹੋਇਆ ਸੀ। ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

