

ਤੂਤਨਖਾਮਨ- ਮਿਸਰ ਦਾ ਨੌਜਵਾਨ ਰਾਜਾ ਜਿਸ ਨੇ ਇਤਿਹਾਸ ਵਿਚ ਛੱਡੀ ਅਮਿੱਟ ਛਾਪ ਬਰਨਾਲਾ, 1 ਅਗਸਤ 2025 : ਪੁਰਾਤਨ ਸੰਸਾਰ ਦੀਆਂ ਜਿੰਨ੍ਹਾਂ ਸੱਭਿਅਤਾਵਾਂ ਨੇ ਵਿਗਿਆਨ, ਕਲਾ, ਧਰਮ ਅਤੇ ਰਾਜਨੀਤੀ ਰਾਹੀਂ ਸੰਸਾਰ ਨੂੰ ਪ੍ਰਭਾਵਿਤ ਕੀਤਾ, ਉਨਾਂ ਵਿੱਚੋਂ ਨੀਲ ਨਦੀ ਦੇ ਕਿਨਾਰੇ ਜਨਮੀ ਮਿਸਰ ਦੀ ਸੱਭਿਅਤਾ ਸਭ ਤੋਂ ਅੱਗੇ ਰਹੀ ਹੈ। ਇਹ ਧਰਤੀ ਨਾ ਸਿਰਫ ਮਹਾਨ ਕਲਾਕਾਰਾਂ ਅਤੇ ਵਿਦਵਾਨਾਂ ਦੀ ਜਨਮਭੂਮੀ ਸੀ ਸਗੋਂ ਇਤਿਹਾਸ ਦੇ ਸਭ ਤੋਂ ਮਸ਼ਹੂਰ ਰਾਜਿਆਂ ਫੈਰੋਅਜ਼ () ਦਾ ਵੀ ਘਰ ਸੀ। ਮਿਸਰ ਵਿੱਚ ਸ਼ਾਸਕਾਂ ਨੂੰ ਫੈਰੋਅਜ਼ ਆਖਿਆ ਜਾਂਦਾ ਸੀ ਪਰ ਲੋਕ ਉਹਨਾਂ ਨੂੰ ਸਿਰਫ਼ ਰਾਜਾ ਹੀ ਨਹੀਂ ਸਗੋਂ ਜਿਉਂਦੇ ਰੱਬ ਮੰਨਦੇ ਸਨ ।ਉਹ ਮਿਸਰ ਦੀ ਰਾਜਨੀਤੀ, ਧਰਮ ਅਤੇ ਸਮਾਜਿਕ ਜੀਵਨ ਦਾ ਕੇਂਦਰ ਸਨ। ਮਿਸਰ ਵਿੱਚ ਨਰਮੇਰ, ਖੁਫੂ (ਗੀਜ਼ਾ ਦੇ ਮਹਾਨ ਪਿਰਾਮਿਡ ਦਾ ਨਿਰਮਾਤਾ), ਅਖਨਾਟਨ, ਹੈਟਸ਼ਪੁਟ(ਸਭ ਤੋਂ ਪ੍ਰਸਿੱਧ ਮਹਿਲਾ ਫੈਰੋਅ), ਤੂਤਨਖਾਮਨ, ਰਾਮੇਸੇਸ ਆਦਿ ਕਈ ਪ੍ਰਸਿੱਧ ਫੈਰੋਅਜ਼ ਨੇ ਰਾਜ ਕੀਤਾ। ਪਰ ਇਹਨਾਂ ਵਿੱਚੋ ਸਭ ਤੋਂ ਰਹੱਸਮਈ ਅਤੇ ਪ੍ਰਸਿੱਧ ਰਾਜਾ ਹੋਇਆ ਹੈ- ਤੂਤਨਖਾਮਨ () । ਇੱਕ ਨੌਜਵਾਨ ਰਾਜਾ ਜਿਸ ਦੀ ਮੌਤ ਦੇ ਹਜ਼ਾਰਾਂ ਸਾਲ ਬਾਅਦ ਵੀ ਲੋਕ ਉਸਦੇ ਜੀਵਨ ਅਤੇ ਕਬਰ ਦੇ ਰਹੱਸਾਂ ਨੂੰ ਜਾਨਣ ਲਈ ਉਤਸਕ ਹਨ। ਤੂਤਨਖਾਮਨ ਨੇ ਮਿਸਰ ਉੱਤੇ ਲਗਭਗ 1332 ਈਸਵੀ ਪੂਰਵ ਤੋਂ 1323 ਈਸਵੀ ਪੂਰਵ ਤੱਕ ਰਾਜ ਕੀਤਾ। ਜਦੋਂ ਉਹ ਰਾਜਾ ਬਣਿਆ ਉਹ ਸਿਰਫ ਨੌ ਸਾਲ ਦਾ ਸੀ। ਉਸਦੇ ਪਿਤਾ ਅਖਨਾਟਨ ਨੇ ਮਿਸਰ ਦੇ ਰਿਵਾਇਤੀ ਸਭ ਦੇਵੀ ਦੇਵਤਿਆਂ ਦੀ ਪੂਜਾ ਬੰਦ ਕਰਕੇ "ਅਤਨ" ਨਾਨਕ ਸੂਰਜ ਦੇਵਤਾ ਦੀ ਪੂਜਾ ਸ਼ੁਰੂ ਕਰ ਦਿੱਤੀ ਪਰ ਤੂਤਨਖਾਮਨ ਨੇ ਪੁਰਾਣੇ ਮਿਸਰੀ ਧਰਮ, ਦੇਵਤਿਆਂ ਅਤੇ ਮੰਦਰਾਂ ਨੂੰ ਦੁਬਾਰਾ ਜੀਵੰਤ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ। ਉਸ ਦੀ ਮੌਤ ਸਿਰਫ਼ 18-19 ਸਾਲ ਦੀ ਉਮਰ ਵਿੱਚ ਹੋਈ, ਜੋ ਅਜੇ ਵੀ ਇੱਕ ਭੇਦ ਭਰਿਆ ਅਧਿਆਇ ਬਣੀ ਹੋਈ ਹੈ। ਉਸ ਦੇ ਰਾਜ ਦੌਰਾਨ ਸ਼ਾਂਤੀ ਸੀ, ਪਰ ਉਹ ਕਮਜ਼ੋਰ ਸਰੀਰ ਵਾਲਾ, ਪੈਰ ਵਿੱਚ ਲੰਗੜਾਪਣ ਅਤੇ ਹੋਰ ਬੀਮਾਰੀਆਂ ਨਾਲ ਪੀੜ੍ਹਤ ਸੀ। ਮੰਨਿਆ ਜਾਂਦਾ ਹੈ ਕਿ ਉਸ ਦੀ ਮਾਂ ਉਸਦੇ ਪਿਤਾ ਦੀ ਭੈਣ ਸੀ, ਜਿਸ ਕਰਕੇ ਉਸਦੇ ਜਨਮ ਵਿੱਚ ਕੁਝ ਜੀਨ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਕਬਰ ਦੀ ਖੋਜ- ਇਤਿਹਾਸ ਦਾ ਵੱਡਾ ਖ਼ਜ਼ਾਨਾ 1922 ਵਿੱਚ ਬਰਤਾਨਵੀ ਪੁਰਾਤੱਤਵ ਵਿਦਵਾਨ ਹਾਵਰਡ ਕਾਰਟਰ ਨੇ ਲਕਸਰ ਨਾਮਕ ਸਥਾਨ ਨੇੜੇ ਵੈਲੀ ਆਫ਼ ਦਾ ਕਿੰਗਜ਼ ( ) ਵਿੱਚ ਤੂਤਨਖਾਮਨ ਦੀ ਸੁਰੱਖਿਅਤ ਕਬਰ ਲੱਭੀ। ਇਸ ਕਬਰ ਦੀ ਮਹੱਤਤਾ ਇਸ ਲਈ ਬਹੁਤ ਹੀ ਜ਼ਿਆਦਾ ਸੀ ਕਿ ਬਾਕੀ ਫੈਰੋਅਜ਼ ਦੀਆਂ ਕਬਰਾਂ ਲੁਟੇਰਿਆਂ ਦੁਆਰਾ ਪਹਿਲਾਂ ਹੀ ਲੁੱਟ ਲਈਆਂ ਗਈਆਂ ਸਨ। ਪਰ ਤੂਤਨਖਾਮਨ ਦੀ ਕਬਰ ਲਗਭਗ 3300 ਸਾਲ ਤੱਕ ਸੀਲਬੰਦ ਤੇ ਸੁਰੱਖਿਅਤ ਰਹੀ। ਜਦੋਂ ਹਾਵਰਡ ਕਾਰਟਰ ਨੇ ਇਸਦੀ ਖੋਜ ਕੀਤੀ ਤਾਂ ਸਭ ਕੁਝ ਉਸੇ ਤਰ੍ਹਾਂ ਹੀ ਸੁਰੱਖਿਅਤ ਮਿਲਿਆ ਜੋ ਕਿ ਇੱਕ ਦੁਰਲਭ ਗੱਲ ਸੀ। ਇਸ ਵਿੱਚ ਲਗਭਗ 5000 ਚੀਜ਼ਾਂ ਮਿਲੀਆਂ, ਜਿਵੇਂ ਕਿ ਸੋਨੇ ਦਾ ਚਮਕਦਾ ਹੋਇਆ ਸੁੰਦਰ ਮਖੌਟਾ, ਰਾਜਸੀ ਰੱਥ, ਹਥਿਆਰ, ਕੱਪੜੇ, ਗਹਿਣੇ, ਖਾਣ ਪੀਣ ਦੇ ਬਰਤਨ, ਜੀਵਨ ਤੇ ਅਰਦਾਸਾਂ ਨਾਲ ਸੰਬੰਧਿਤ ਚਿੱਤਰ ਲੇਖ ਆਦਿ। ਇਹਨਾਂ ਚੀਜ਼ਾਂ ਨੂੰ ਗਿਣਨ, ਸਾਫ਼ ਕਰਨ, ਦਸਤਾਵੇਜ਼ ਬਣਾਉਣ ਅਤੇ ਸੰਭਾਲਣ ਵਿੱਚ ਲਗਭਗ 10 ਸਾਲ ਲੱਗ ਗਏ। ਤੁਤਨਖਾਮਨ ਦੀ ਕਬਰ ਦੇ ਬਾਹਰ ਇਕ ਖਾਸ ਚੇਤਾਵਨੀ ਲਿਖੀ ਹੋਈ ਸੀ, ਜਿਸਨੂੰ ਲੋਕ ਆਮ ਤੌਰ `ਤੇ "ਸ਼ਰਾਪ" () ਮੰਨਦੇ ਹਨ। ਲਿਖਿਆ ਹੋਇਆ ਸੀ ਕੇ ਜੋ ਕੋਈ ਫੈਰੋਅ ਦੇ ਆਰਾਮ ਨੂੰ ਭੰਗ ਕਰੇਗਾ, ਉਹ ਮੌਤ ਦੀ ਚਪੇਟ `ਚ ਆਵੇਗਾ।ਕਬਰ ਦੀ ਖੋਜ ਨਾਲ ਜੁੜੇ ਦਰਜਨਾਂ ਲੋਕਾਂ ਦੀਆਂ ਹੋਈਆਂ ਅਚਾਨਕ ਮੌਤਾਂ ਨੇ ਦੁਨੀਆਂ ਵਿੱਚ ਇੱਕ ਰਹਿਸਮਈ ਸ਼ਰਾਪ ਦੀਆਂ ਕਹਾਣੀਆਂ ਨੂੰ ਜਨਮ ਦਿੱਤਾ। ਜਿਸ ਨਾਲ ਲੋਕਾਂ ਦੀ ਰੁਚੀ ਹੋਰ ਵਧ ਗਈ।ਲੋਕਾਂ ਨੇ ਇਸਨੂੰ ਤੁਤਨਖਾਮਨ ਦਾ ਸ਼ਰਾਪ ਕਿਹਾ। ਤੂਤਨਖਾਮਨ ਦੀ ਕਬਰ ਇੱਕ ਸਧਾਰਨ ਰਾਜੇ ਦੀ ਕਬਰ ਨਹੀਂ, ਬਲਕਿ ਇਤਿਹਾਸ, ਵਿਗਿਆਨ ਅਤੇ ਸੰਸਕ੍ਰਿਤੀ ਦਾ ਜੀਵੰਤ ਖਜ਼ਾਨਾ ਹੈ। ਉਸ ਦਾ ਛੋਟਾ ਜੀਵਨ ਅੱਜ ਵੀ ਪੂਰੀ ਦੁਨੀਆਂ ਵਿੱਚ ਜਗਿਆਸਾ, ਰਹੱਸ ਅਤੇ ਪ੍ਰੇਰਨਾ ਦਾ ਸਰੋਤ ਬਣਿਆ ਹੋਇਆ ਹੈ। ਲੇਖਕ : ਹਰਵਿੰਦਰ ਰੋਮੀ ਸਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ (ਬਰਨਾਲਾ) ਮੋ.8528838000