
ਪੰਜਾਬੀ ਯੂਨੀਵਰਸਿਟੀ ਵਿਖੇ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਦੋ ਕੋਰਸ ਸਫਲਤਾਪੂਰਵਕ ਸੰਪੰਨ
- by Jasbeer Singh
- July 2, 2025

ਪੰਜਾਬੀ ਯੂਨੀਵਰਸਿਟੀ ਵਿਖੇ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਦੋ ਕੋਰਸ ਸਫਲਤਾਪੂਰਵਕ ਸੰਪੰਨ ਪਟਿਆਲਾ, : ਪੰਜਾਬੀ ਯੂਨੀਵਰਸਿਟੀ ਦੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਦੋ ਕੋਰਸ ਸਫਲਤਾਪੂਰਵਕ ਸੰਪੰਨ ਹੋ ਗਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਕੋਰਸ 'ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ' ਸੀ ਅਤੇ ਦੂਜਾ 'ਜਲਵਾਯੂ ਤਬਦੀਲੀ ਅਤੇ ਆਫ਼ਤ ਪ੍ਰਬੰਧਨ' ਦੇ ਵਿਸ਼ੇ ਉੱਤੇ ਸ਼ਾਰਟ ਟਰਮ ਕੋਰਸ ਸੀ। ਦੋਹਾਂ ਕੋਰਸਾਂ ਦੇ ਸਾਂਝੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ। ਇਸ ਮੌਕੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਡਾ. ਰਤਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਨ੍ਹਾਂ ਕੋਰਸਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਨੇ ਅਧਿਆਪਕਾਂ ਨੂੰ ਨਵੇਂ ਗਿਆਨ ਨਾਲ਼ ਜੁੜਨ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ ਹੈ। ਇਸ ਮੌਕੇ ਦੋਹਾਂ ਕੋਰਸਾਂ ਦੇ ਕੋਆਰਡੀਨੇਟਰ ਡਾ. ਮਨੀਸ਼ ਕਪੂਰ, ਡਾ. ਅਵਨੀਤਪਾਲ ਸਿੰਘ ਅਤੇ ਡਾ. ਉਂਕਾਰ ਸਿੰਘ ਵੱਲੋਂ ਕੋਰਸਾਂ ਦੇ ਹਵਾਲੇ ਨਾਲ਼ ਆਪਣੇ ਵਿਚਾਰ ਪ੍ਰਗਟਾਏ ਗਏ।