ਖੇਤੀ ਸੈਕਟਰ ਵਿੱਚ ਔਰਤਾਂ ਖਿਲਾਫ਼ ਹੁੰਦੀ ਹਿੰਸਾ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਦੋ ਦਿਨਾ ਵਿਚਾਰ ਚਰਚਾ ਸ਼ੁਰੂ
- by Jasbeer Singh
- November 28, 2024
ਖੇਤੀ ਸੈਕਟਰ ਵਿੱਚ ਔਰਤਾਂ ਖਿਲਾਫ਼ ਹੁੰਦੀ ਹਿੰਸਾ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਦੋ ਦਿਨਾ ਵਿਚਾਰ ਚਰਚਾ ਸ਼ੁਰੂ -ਕਿਸਾਨੀ ਸੰਘਰਸ਼ ਨਾਲ਼ ਜੁੜੀਆਂ ਵੱਖ-ਵੱਖ ਪ੍ਰਸਿੱਧ ਔਰਤਾਂ ਨੇ ਸਾਂਝੇ ਕੀਤੇ ਆਪਣੇ ਤਜਰਬੇ ਪਟਿਆਲਾ, 28 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਅਤੇ ਅਰਥ ਸ਼ਾਸਤਰ ਵਿਭਾਗ ਵੱਲੋਂ ਖੇਤੀ ਸੈਕਟਰ ਵਿੱਚ ਪੇਂਡੂ ਔਰਤਾਂ ਖਿ਼਼ਲਾਫ਼ ਹੁੰਦੀ ਸੰਰਚਾਨਤਮਕ ਹਿੰਸਾ ਦੇ ਵਿਸ਼ੇ ਉੱਤੇ ਦੋ ਦਿਨਾ ਪ੍ਰੋਗਰਾਮ ਅੱਜ ਸ਼ੁਰੂ ਹੋ ਗਿਆ ਹੈ । ਸੋਸਾਇਟੀ ਫ਼ਾਰ ਪ੍ਰੋਮੋਟਿੰਗ ਪਾਰਟੀਸਿਪੇਟਿਵ ਈਕੋ ਸਿਸਟਮ ਮੈਨੇਜਮੈਂਟ (ਸੋਪੈਕੌਮ) ਅਤੇ ਮਹਿਲਾ ਕਿਸਾਨ ਅਧਿਕਾਰ ਮੰਚ (ਮਕਾਮ) ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਹੇ ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਖੇਤੀਬਾੜੀ ਸੈਕਟਰ ਨਾਲ਼ ਸੰਬੰਧਤ ਸ਼ਖ਼ਸੀਅਤਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ । ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਅਨੁਪਮਾ ਨੇ ਪ੍ਰੋਗਰਾਮ ਦੇ ਮਕਸਦ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਖੇਤੀਬਾੜੀ ਸੈਕਟਰ ਦੀਆਂ ਔਰਤਾਂ ਬਾਰੇ ਨਿੱਠ ਕੇ ਕੰਮ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ । ਇਸ ਖੇਤਰ ਦੀਆਂ ਔਰਤਾਂ ਦੇ ਤਜਰਬੇ ਸੁਣਨ ਉਪਰੰਤ ਉਹ ਵੱਖ-ਵੱਖ ਪੱਖਾਂ ਤੋਂ ਆਪਣੇ ਵਿਚਾਰ ਪੇਸ਼ ਕਰਨਗੀਆਂ । ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਹਰਪ੍ਰੀਤ ਕੌਰ ਵੱਲੋਂ ਸਵਾਗਤੀ ਸ਼ਬਦ ਬੋਲਦਿਆਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ ਅਤੇ ਤੇਲੰਗਾਨਾ ਤੋਂ ਡੈਲੀਗੇਟ ਸਿ਼ਰਕਤ ਕਰ ਰਹੇ ਹਨ । ਬੀ. ਕੇ. ਯੂ. ਕੇ. ਜਥੇਬੰਦੀ ਤੋਂ ਪੁੱਜੀ ਕਿਸਾਨ ਆਗੂ ਸੁਖਵਿੰਦਰ ਕੌਰ ਨੇ ਕਿਹਾ ਕਿ ਕਿਸਾਨ ਮੋਰਚੇ ਸਮੇਂ ਔਰਤਾਂ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਹੀ ਬੈਰੀਕੇਡ ਨਹੀਂ ਤੋੜੇ ਬਲਕਿ ਇਸ ਰਾਹ ਉੱਤੇ ਤੁਰਨ ਲੱਗਿਆਂ ਪਹਿਲਾਂ ਉਨ੍ਹਾਂ ਨੂੰ ਆਪਣੇ ਘਰਾਂ ਜਾਂ ਸਮਾਜ ਦੇ ਲਗਾਏ ਬੈਰੀਕੇਡ ਤੋੜਨੇ ਪਏ ਹਨ । ਉਨ੍ਹਾਂ ਜਥੇਬੰਦੀ ਵਿੱਚ ਆਪਣੇ ਲੰਬੇ ਅਨੁਭਵ ਵਿੱਚੋਂ ਸੁਝਾਇਆ ਕਿ ਔਰਤਾਂ ਨੂੰ ਲਾਮਬੰਦ ਕਰਨ ਲਈ ਪਹਿਲਾਂ ਜੇ ਉਨ੍ਹਾਂ ਨੂੰ ਬਤੌਰ ਕਿਸਾਨ ਜਥੇਬੰਦ ਕਰ ਲਿਆ ਜਾਵੇ ਤਾਂ ਹੀ ਸਫਲਤਾ ਮਿਲਦੀ ਹੈ । ਆਪਣੀ ਨਿੱਜੀ ਜਿ਼ੰਦਗੀ ਦੇ ਸੰਘਰਸ਼ ਨੂੰ ਬਿਆਨਦਿਆਂ ਉਨ੍ਹਾਂ ਦੱਸਿਆ ਕਿ ਜਨਮ ਸਮੇਂ ਉਸ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਸੀ ਪਰ ਉਹ ਕਿਸਮਤ ਨਾਲ਼ ਬਚ ਗਈ ਸੀ । ਇਸੇ ਗੱਲ ਨੇ ਉਸ ਨੂੰ ਔਰਤਾਂ ਦੇ ਮਸਲਿਆਂ ਲਈ ਕੰਮ ਕਰਨ ਲਈ ਪ੍ਰੇਰਿਆ ਹੋਇਆ ਹੈ । ਟ੍ਰੈਕਟਰ ਚਲਾ ਕੇ ਖੁਦ ਖੇਤੀ ਕਰਨ ਵਾਲ਼ੀ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੀ ਕਿਸਾਨ ਬੀਬੀ ਹਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਹੀ ਉਸ ਨੂੰ ਖੇਤੀ ਨਾਲ਼ ਜੋੜ ਦਿੱਤਾ ਸੀ ਪਰ ਵਿਆਹ ਉਪਰੰਤ ਆਪਣੇ ਪਤੀ ਦੀਆਂ ਕੁੱਝ ਸਮੱਸਿਆਵਾਂ ਹੋਣ ਕਾਰਨ ਉਸ ਨੇ ਖੁਦ ਖੇਤੀ ਦਾ ਮੋਰਚਾ ਸੰਭਲਿਆ ਅਤੇ 35 ਕਿੱਲੇ ਦੀ ਖੇਤੀ ਕਰਦੀ ਰਹੀ । ਭਾਰਤੀ ਕਿਸਾਨ ਯੂਨੀਵਰਸਿਟੀ ਭਨੇਰੀ ਕਲਾਂ ਤੋਂ ਰਾਜਿੰਦਰ ਕੌਰ ਨੇ ਆਪਣੇ ਸਮੇਤ ਪਿੰਡ ਦੀਆਂ ਬੀਬੀਆਂ ਵੱਲੋਂ ਸੰਘਰਸ਼ ਵਿੱਚ ਕੁੱਦਣ ਦੀ ਕਹਾਣੀ ਬਿਆਨਦਿਆਂ ਦੱਸਿਆ ਕਿ ਕਿਸ ਤਰ੍ਹਾਂ ਸੰਘਰਸ਼ ਦੇ ਅਨੁਭਵ ਨੇ ਉਨ੍ਹਾਂ ਵਿੱਚ ਸਵੈ-ਵਿਸ਼ਵਾਸ ਭਰਿਆ ਅਤੇ ਉਹ ਆਪਣੇ ਹੱਕਾਂ ਲਈ ਕਿਸੇ ਵੀ ਵੱਡੇ ਅਧਿਕਾਰੀ ਜਾਂ ਨੇਤਾ ਦੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੇ ਯੋਗ ਹੋ ਸਕੀਆਂ । ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ, ਜੋ ਕਿ ਕਿਸਾਨੀ ਸੰਘਰਸ਼ ਦੌਰਾਨ ਇੱਕ ਬਾਲੀਵੁੱਡ ਸ਼ਖ਼ਸੀਅਤ ਵੱਲੋਂ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਤੋਂ ਬਾਅਦ ਚਰਚਾ ਵਿੱਚ ਆਏ ਸਨ, ਨੇ ਕਿਹਾ ਕਿ ਗੁਰੂ ਪੀਰਾਂ ਨੇ ਸਾਨੂੰ ਇਹ ਧਰਤੀ ਬਖਸ਼ੀ ਹੈ ਜੋ ਸਾਡੀ ਹੈ । ਕਿਸਾਨ ਬੀਬੀ ਦਲਜੀਤ ਕੌਰ ਨੇ ਕਿਸਾਨੀ ਕਰਜ਼ੇ ਦੇ ਹਵਾਲੇ ਨਾਲ਼ ਆਪਣੀ ਗੱਲ ਰੱਖੀ । ਰਣਬੀਰ ਕਾਲਜ ਸੰਗਰੂਰ ਤੋਂ ਅਧਿਆਪਕ ਜਗਦੀਪ ਮਹਿਨਾ ਨੇ ਪੰਜਾਬ ਵਿੱਚ ਦਲਿਤ ਔਰਤਾਂ ਦੀ ਤਰਸਯੋਗ ਹਾਲਤ ਬਾਰੇ ਵੱਖ-ਵੱਖ ਨੁਕਤਿਆਂ ਨੂੰ ਉਜਾਗਰ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.